PM ਮੋਦੀ ਨੇ ਜੰਮੂ ਕਸ਼ਮੀਰ ‘ਚ ਨਵੇਂ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ
By admin / February 20, 2024 / No Comments / Punjabi News
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਜੰਮੂ ਕਸ਼ਮੀਰ ‘ਚ ਸਿੱਖਿਆ, ਰੇਲਵੇ, ਹਵਾਬਾਜ਼ੀ ਅਤੇ ਸੜਕ ਖੇਤਰਾਂ ਸਮੇਤ 32 ਹਜ਼ਾਰ ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਜੰਮੂ ਤੋਂ ਪ੍ਰਧਾਨ ਮੰਤਰੀ ਨੇ ਦੇਸ਼ ਭਰ ‘ਚ 13,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ ਹੈ।
ਇਨ੍ਹਾਂ ਪ੍ਰਾਜੈਕਟਾਂ ‘ਚ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.), ਭਾਰਤੀ ਪ੍ਰਬੰਧਨ ਸੰਸਥਾ (ਆਈ.ਆਈ.ਐੱਮ.) ਅਤੇ ਕੇਂਦਰੀ ਯੂਨੀਵਰਸਿਟੀ ਸ਼ਾਮਲ ਹਨ। ਪੀ.ਐੱਮ. ਮੋਦੀ ਨੇ ਜੰਮੂ-ਕਸ਼ਮੀਰ ਦੇ ਲਗਭਗ 1,500 ਨਵੇਂ ਭਰਤੀ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ‘ਵਿਕਸਿਤ ਭਾਰਤ, ਵਿਕਸਿਤ ਜੰਮੂ’ ਪ੍ਰੋਗਰਾਮ ਦੇ ਹਿੱਸੇ ਵਜੋਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਹੈ।
ਪੀ.ਐੱਮ. ਮੋਦੀ ਨੇ ਜਿਹੜੇ ਰੇਲਵੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ‘ਚ ਬਨਿਹਾਲ-ਖਾਰੀ-ਸੁਮਬਰ-ਸੰਗਲਦਾਨ (48 ਕਿਲੋਮੀਟਰ) ਅਤੇ ਨਵੇਂ ਬਿਜਲੀਕ੍ਰਿਤ ਬਾਰਾਮੂਲਾ-ਸ਼੍ਰੀਨਗਰ-ਬਨਿਹਾਲ-ਸੰਗਲਦਾਨ ਸੈਕਸ਼ਨ (185.66 ਕਿਲੋਮੀਟਰ) ਵਿਚਾਲੇ ਰੇਲਵੇ ਲਾਈਨ ਸ਼ਾਮਲ ਹੈ। ਉਨ੍ਹਾਂ ਨੇ ਘਾਟੀ ‘ਚ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਅਤੇ ਸੰਗਲਦਾਨ ਅਤੇ ਬਾਰਾਮੂਲਾ ਸਟੇਸ਼ਨਾਂ ਦਰਮਿਆਨ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਈ। ਭਾਰਤ ਦੀ ਸਭ ਤੋਂ ਲੰਬੀ ਟਰਾਂਸਪੋਰਟ ਸੁਰੰਗ ਟੀ-50 (12.77 ਕਿਲੋਮੀਟਰ) ਖਾਰੀ ਅਤੇ ਸੁੰਬਰ ਵਿਚਾਲੇ ਦੇ ਹਿੱਸੇ ‘ਚ ਸਥਿਤ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਹੋਰ ਹਿੱਸਿਆਂ ਲਈ ਕਰੀਬ 13,500 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਇਸ ਦੇ ਨਾਲ ਹੀ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿੱਚ ਵੀ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ ਇਸ ਵਿੱਚ ਉੱਤਰ ਪ੍ਰਦੇਸ਼ ਦੇ ਸੀ ਐੱਮ ਯੋਗੀ ਆਦਿਤਿਆਨਾਥ ਵੀ ਸ਼ਾਮਿਲ ਸਨ। ਸੀ ਐੱਮ ਯੋਗੀ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਨਿਵੇਸ਼ਕਾਂ ਨੂੰ ਸਫ਼ਲਤਾ ਦੇ ਮੰਤਰ ਵੀ ਸੁਣਾਏ ਸਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਉਦਯੋਗਾਂ ਲਈ ਢੁਕਵੇਂ ਮਾਹੌਲ ਦੇ ਨਾਲ-ਨਾਲ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਸਨ।