ਦਰਭੰਗਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 13 ਨਵੰਬਰ ਨੂੰ ਬਿਹਾਰ ਆਉਣਗੇ ਅਤੇ ਏਮਜ਼ ਦਰਭੰਗਾ ਦਾ ਨੀਂਹ ਪੱਥਰ ਰੱਖਣਗੇ। ਸੂਬੇ ਦੇ ਸਿਹਤ ਮੰਤਰੀ ਮੰਗਲ ਪਾਂਡੇ (State Health Minister Mangal Pandey) ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ।
ਮੰਗਲ ਪਾਂਡੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਦਰਭੰਗਾ ‘ਚ ਹੋਣਗੇ, ਜਦੋਂ ਸੁਪਰ ਸਪੈਸ਼ਲਿਟੀ ਪ੍ਰੋਜੈਕਟ ਦਾ ‘ਭੂਮੀ ਪੂਜਨ’ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਅਤੇ ਜੀਤਨ ਰਾਮ ਮਾਂਝੀ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਰਹਿਣਗੇ। ਉੱਤਰੀ ਬਿਹਾਰ ਦਾ ਇਹ ਸ਼ਹਿਰ ਰਾਜਧਾਨੀ ਪਟਨਾ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਾਲਾ ਰਾਜ ਦਾ ਦੂਜਾ ਸਥਾਨ ਬਣ ਜਾਵੇਗਾ।
ਪਾਂਡੇ ਨੇ ਕਿਹਾ, “1,700 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਉੱਤਰੀ ਬਿਹਾਰ ਅਤੇ ਆਸਪਾਸ ਦੇ ਖੇਤਰਾਂ ਲਈ ਬਹੁਤ ਫਾਇਦੇਮੰਦ ਹੋਵੇਗਾ। ਏਮਜ਼, ਦਰਭੰਗਾ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ ਅਤੇ ਰਾਜ ਵਿੱਚ ਸੱਤਾਧਾਰੀ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਸਾਰੇ ਖੇਤਰਾਂ ਦੇ ਵਿਕਾਸ ਲਈ ਕੰਮ ਕਰਦਾ ਹੈ ਅਤੇ ਸਮਾਜ ਦੇ ਲੋੜਵੰਦ ਵਰਗਾਂ ਦੀ ਦੇਖਭਾਲ ਕਰਦਾ ਹੈ।’