ਸਿੰਗਾਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸਿੰਗਾਪੁਰ ਦੇ ਆਪਣੇ ਹਮਰੁਤਬਾ ਲਾਰੈਂਸ ਵੋਂਗ (Lawrence Wong) ਨਾਲ ਅੱਜ ਯਾਨੀ ਵੀਰਵਾਰ ਨੂੰ ਇੱਕ ਸਾਰਥਕ ਮੀਟਿੰਗ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਕੀਤਾ। ਵੋਂਗ ਦੇ ਸੱਦੇ ‘ਤੇ ਮੋਦੀ ਇੱਥੇ ਦੋ ਦਿਨਾਂ ਦੌਰੇ ‘ਤੇ ਆਏ ਹਨ। ਵੋਂਗ ਨਾਲ ਗੱਲਬਾਤ ਤੋਂ ਪਹਿਲਾਂ ਮੋਦੀ ਦਾ ਸਿੰਗਾਪੁਰ ਸੰਸਦ ਭਵਨ ਵਿੱਚ ਰਸਮੀ ਸਵਾਗਤ ਕੀਤਾ ਗਿਆ।
ਉਨ੍ਹਾਂ ਨੇ ਉਥੇ ਵਿਜ਼ਟਰ ਬੁੱਕ ‘ਤੇ ਦਸਤਖਤ ਵੀ ਕੀਤੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, ‘ਸਬੰਧਾਂ ਵਿੱਚ ਇੱਕ ਨਵਾਂ ਅਧਿਆਏ: ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਪਹੁੰਚਿਆ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਨੇ ਅੱਜ ਸਿੰਗਾਪੁਰ ਵਿੱਚ ਇੱਕ ਸਾਰਥਕ ਮੀਟਿੰਗ ਕੀਤੀ।
ਉਨ੍ਹਾਂ ਨੇ ਕਿਹਾ ‘ਨੇਤਾਵਾਂ ਨੇ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਲਈ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਉੱਨਤ ਨਿਰਮਾਣ, ਕਨੈਕਟੀਵਿਟੀ, ਡਿਜੀਟਲਾਈਜ਼ੇਸ਼ਨ, ਸਿਹਤ ਸੰਭਾਲ ਅਤੇ ਦਵਾਈ, ਹੁਨਰ ਵਿਕਾਸ ਅਤੇ ਸਥਿਰਤਾ ਵਰਗੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਵਿਆਪਕ ਸਮੀਖਿਆ ਕੀਤੀ।
‘ ਦੋਵਾਂ ਨੇਤਾਵਾਂ ਵਿਚਾਲੇ ਮੁਲਾਕਾਤ ਵੋਂਗ ਦੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਬਣਨ ਤੋਂ ਕੁਝ ਮਹੀਨੇ ਬਾਅਦ ਹੋਈ ਹੈ ਅਤੇ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਆਪਣਾ ਤੀਜਾ ਕਾਰਜਕਾਲ ਸ਼ੁਰੂ ਕੀਤਾ ਹੈ। ਗੱਲਬਾਤ ਤੋਂ ਬਾਅਦ ਚਾਰ ਸਮਝੌਤਿਆਂ ‘ਤੇ ਵੀ ਦਸਤਖਤ ਕੀਤੇ ਗਏ। ਪ੍ਰਧਾਨ ਮੰਤਰੀ ਮੋਦੀ ਬਾਅਦ ਵਿੱਚ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਨਾਲ ਵੀ ਮੁਲਾਕਾਤ ਕਰਨਗੇ।
ਮੋਦੀ ਸਿੰਗਾਪੁਰ ਦੇ ਸੀਨੀਅਰ ਮੰਤਰੀ ਲੀ ਹਸੀਨ ਲੂੰਗ ਅਤੇ ‘ਐਮਰੀਟਸ’ ਸੀਨੀਅਰ ਮੰਤਰੀ ਗੋਹ ਚੋਕ ਟੋਂਗ ਨਾਲ ਵੀ ਮੁਲਾਕਾਤ ਕਰਨਗੇ। ਲੀ ਮੋਦੀ ਦੇ ਸਵਾਗਤ ਲਈ ਦੁਪਹਿਰ ਦੇ ਖਾਣੇ ਦਾ ਆਯੋਜਨ ਕਰ ਰਹੇ ਹਨ। ਮੋਦੀ ਸਿੰਗਾਪੁਰ ਦੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਦੇਸ਼ ਦੇ ਸੈਮੀਕੰਡਕਟਰ ਸੈਕਟਰ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕਰਨਗੇ।
ਮੋਦੀ ਅਤੇ ਵੋਂਗ ਇੱਕ ਸੈਮੀਕੰਡਕਟਰ ਨਿਰਮਾਣ ਕੇਂਦਰ ਦਾ ਵੀ ਦੌਰਾ ਕਰਨਗੇ। ਬਰੂਨੇਈ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ ਦੀ ਸਮਾਪਤੀ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਆਪਣੇ ਸਿੰਗਾਪੁਰ ਹਮਰੁਤਬਾ ਲਾਰੈਂਸ ਵੋਂਗ ਦੇ ਸੱਦੇ ‘ਤੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਦੀ ਆਪਣੀ ਪੰਜਵੀਂ ਸਰਕਾਰੀ ਯਾਤਰਾ ‘ਤੇ ਬੀਤੇ ਦਿਨ ਇੱਥੇ ਪਹੁੰਚੇ, ਜਿੱਥੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਸੈਮੀਕੰਡਕਟਰ ਕੰਪਨੀ ਦਾ ਦੌਰਾ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਿੰਗਾਪੁਰ ਦੇ ਹਮਰੁਤਬਾ ਲਾਰੈਂਸ ਵੋਂਗ ਨਾਲ ਅੱਜ ਸੈਮੀਕੰਡਕਟਰ ਅਤੇ ਇਲੈਕਟ੍ਰੋਨਿਕਸ ਖੇਤਰ ਵਿੱਚ ਸਿੰਗਾਪੁਰ ਦੀ ਇੱਕ ਪ੍ਰਮੁੱਖ ਕੰਪਨੀ ਦਾ ਦੌਰਾ ਕੀਤਾ ਅਤੇ ਇਸ ਮਹੱਤਵਪੂਰਨ ਉਦਯੋਗ ਵਿੱਚ ਸਹਿਯੋਗ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਮੋਦੀ ਵੋਂਗ ਦੇ ਸੱਦੇ ‘ਤੇ ਸਿੰਗਾਪੁਰ ਦੇ ਦੋ ਦਿਨਾਂ ਦੌਰੇ ‘ਤੇ ਹਨ। ਵਿਦੇਸ਼ ਮੰਤਰਾਲੇ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਦੋਵਾਂ ਨੇਤਾਵਾਂ ਨੇ ‘ਏ.ਈ.ਐਮ. ਹੋਲਡਿੰਗਜ਼ ਲਿਮਟਿਡ’ ਦਾ ਦੌਰਾ ਕੀਤਾ ।
ਜਿੱਥੇ ਉਨ੍ਹਾਂ ਨੂੰ ਗਲੋਬਲ ਸੈਮੀਕੰਡਕਟਰ ਮੁੱਲ ਲੜੀ ਵਿੱਚ ਕੰਪਨੀ ਦੀ ਭੂਮਿਕਾ, ਇਸਦੇ ਸੰਚਾਲਨ ਅਤੇ ਭਾਰਤ ਲਈ ਇਸ ਦੀਆਂ ਯੋਜਨਾਵਾਂ ਬਾਰੇ ਦੱਸਿਆ ਗਿਆ। ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜਾਣਕਾਰੀ ਦਿੱਤੀ ਕਿ ਉੱਨਤ ਨਿਰਮਾਣ ਦੇ ਖੇਤਰ ਵਿੱਚ ਸਬੰਧਾਂ ਨੂੰ ਹੁਲਾਰਾ ਦੇਣਾ… ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ (ਸਿੰਗਾਪੁਰ ਦੇ) ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਸੈਮੀਕੰਡਕਟਰ ਅਤੇ ਇਲੈਕਟ੍ਰੋਨਿਕਸ ਖੇਤਰ ਵਿੱਚ ਸਿੰਗਾਪੁਰ ਦੀ ਇੱਕ ਅਗ੍ਰਣੀ ਕੰਪਨੀ ਏ.ਈ.ਐਮ. ਹੋਲਡਿੰਗਜ਼ ਲਿਮਟਿਡ ਦਾ ਅੱਜ ਦੌਰਾ ਕੀਤਾ।