PM ਮੋਦੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ
By admin / July 13, 2024 / No Comments / Punjabi News
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਯਾਨੀ ਐਤਵਾਰ ਨੂੰ ਪੈਨਸਿਲਵੇਨੀਆ ‘ਚ ਇਕ ਚੋਣ ਰੈਲੀ ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Former US President Donald Trump) ਦੀ ਹੱਤਿਆ ਦੀ ਕੋਸ਼ਿਸ਼ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਰਾਜਨੀਤੀ ਅਤੇ ਲੋਕਤੰਤਰ ‘ਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਟਰੰਪ ਨੂੰ ਆਪਣਾ ‘ਦੋਸਤ’ ਦੱਸਦੇ ਹੋਏ, ਪੀ.ਐਮ ਮੋਦੀ ਨੇ ਟਵਿੱਟਰ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਉਹ ਆਪਣੇ ਦੋਸਤ ‘ਤੇ ਹੋਏ ਹਮਲੇ ਤੋਂ ਬਹੁਤ ਚਿੰਤਤ ਹਨ। ਉਨ੍ਹਾਂ ਗੋਲੀਬਾਰੀ ‘ਚ ਜ਼ਖਮੀ ਹੋਏ ਟਰੰਪ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ।
ਪੀ.ਐਮ ਮੋਦੀ ਨੇ ਲਿਖਿਆ, ‘ਮੇਰੇ ਦੋਸਤ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੋਏ ਹਮਲੇ ਤੋਂ ਬਹੁਤ ਚਿੰਤਤ ਹਾਂ। ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਮ੍ਰਿਤਕਾਂ ਦੇ ਪਰਿਵਾਰਾਂ, ਜ਼ਖਮੀਆਂ ਅਤੇ ਅਮਰੀਕੀ ਲੋਕਾਂ ਦੇ ਨਾਲ ਹਨ।
ਦੱਸ ਦਈਏ ਕਿ ਬੀਤੀ ਰਾਤ ਬਟਲਰ, ਪੈਨਸਿਲਵੇਨੀਆ ‘ਚ ਉਨ੍ਹਾਂ ਦੀ ਰੈਲੀ ‘ਚ ਇਕ ਸ਼ੂਟਰ ਨੇ ਗੋਲੀਬਾਰੀ ਕੀਤੀ, ਜਿਸ ‘ਚ ਉਨ੍ਹਾਂ ਨੂੰ ਗੋਲੀ ਲੱਗੀ ਜੋ ਉਨ੍ਹਾਂ ਦੇ ਖੱਬੇ ਕੰਨ ਦੇ ਉਪਰਲੇ ਹਿੱਸੇ ‘ਚ ਵਿੰਨ੍ਹ ਗਈ। ਸੀਕ੍ਰੇਟ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਟਰੰਪ ਹੁਣ ਸੁਰੱਖਿਅਤ ਹਨ। ਗੋਲੀਬਾਰੀ ਤੋਂ ਬਾਅਦ ਸ਼ੂਟਰ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।