ਸਪੋਰਟਸ ਨਿਊਜ਼ : ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) (ਪੀ.ਸੀ.ਬੀ.) ਨੇ ਭਾਰਤ ਲਈ ਬਿਹਤਰੀਨ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਅਗਲੇ ਸਾਲ ਹੋਣ ਵਾਲੀ ਆਈ.ਸੀ.ਸੀ (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਚੈਂਪੀਅਨਸ ਟਰਾਫੀ (Champions Trophy) ਦੌਰਾਨ ਆਪਣੇ ਸਾਰੇ ਮੈਚ ਲਾਹੌਰ ‘ਚ ਖੇਡਣ ਦਾ ਸੁਝਾਅ ਦਿੱਤਾ ਹੈ। ਪੀ.ਸੀ.ਬੀ ਦੇ ਇੱਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਆਈ.ਸੀ.ਸੀ ਨੂੰ ਭੇਜੇ ਗਏ ਟੂਰਨਾਮੈਂਟ ਦੇ ‘ਡਰਾਫਟ ਪ੍ਰੋਗਰਾਮ’ ਵਿੱਚ ਇਹ ਸੁਝਾਅ ਦਿੱਤਾ ਗਿਆ ਹੈ।

ਸੂਤਰ ਨੇ ਕਿਹਾ, ‘ਹਾਂ, ਭਾਰਤੀ ਟੀਮ ਦੇ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਅਤੇ ਬਿਹਤਰ ਸੁਰੱਖਿਆ ਪ੍ਰਬੰਧਾਂ ਲਈ ਉਨ੍ਹਾਂ ਦੇ ਸਾਰੇ ਮੈਚ ਲਾਹੌਰ ‘ਚ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਹੈ।’ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਪਿਛਲੇ ਸਾਲ ਏਸ਼ੀਆ ਕੱਪ ਲਈ ਪਾਕਿਸਤਾਨ ‘ਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੇ ਸਾਰੇ ਮੈਚ ਸ਼੍ਰੀਲੰਕਾ ‘ਚ ਸ਼ਿਫਟ ਕਰ ਦਿੱਤੇ ਗਏ ਸਨ। ਪਾਕਿਸਤਾਨ ਨੇ ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਇਸ ਆਈ.ਸੀ.ਸੀ 50 ਓਵਰ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਹੈ।

ਆਈ.ਸੀ.ਸੀ ਕਾਰਜਕਾਰੀ ਬੋਰਡ ਨੇ ਅਜੇ ਡਰਾਫਟ ਸ਼ੈਡਿਊਲ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਪਰ ਪੀ.ਸੀ.ਬੀ ਨੇ ਚੈਂਪੀਅਨਜ਼ ਟਰਾਫੀ ਮੈਚਾਂ ਲਈ ਹੋਰ ਸਥਾਨਾਂ ਵਜੋਂ ਕਰਾਚੀ ਅਤੇ ਰਾਵਲਪਿੰਡੀ ਨੂੰ ਵੀ ਨਿਰਧਾਰਤ ਕੀਤਾ ਹੈ। ਪਾਕਿਸਤਾਨ 1996 ਤੋਂ ਬਾਅਦ ਪਹਿਲੀ ਵਾਰ ਕਿਸੇ ਵੱਡੇ ਆਈ.ਸੀ.ਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ, ਹਾਲਾਂਕਿ ਉਸ ਨੇ 2008 ਵਿੱਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਅਤੇ ਪਿਛਲੇ ਸਾਲ ਵੀ ਇਸੇ ਟੂਰਨਾਮੈਂਟ ਦੇ ਕੁਝ ਮੈਚ ਆਪਣੀ ਧਰਤੀ ‘ਤੇ ਖੇਡੇ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਰਾਸ਼ਟਰੀ ਟੀਮ ਨੂੰ ਆਈ.ਸੀ.ਸੀ ਟੂਰਨਾਮੈਂਟ ਲਈ ਪਾਕਿਸਤਾਨ ਭੇਜੇਗਾ ਜਾਂ ਨਹੀਂ।

Leave a Reply