ਸਪੋਰਟਸ ਡੈਸਕ : ਟੋਕੀਓ ਖੇਡਾਂ ਦੀ ਸੋਨ ਤਮਗਾ ਜੇਤੂ ਚੋਟੀ ਦੀ ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ (Indian shooter Avni Lekhra) ਸ਼ੁੱਕਰਵਾਰ ਨੂੰ ਯਾਨੀ ਅੱਜ ਪੈਰਿਸ ਪੈਰਾਲੰਪਿਕ ਵਿੱਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਫਾਈਨਲ (ਐਸ.ਐਚ1) ਦੇ ਕੁਆਲੀਫ਼ਿਕੇਸ਼ਨ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ।
ਪਿਛਲੇ ਇੱਕ ਸਾਲ ਤੋਂ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਹਮਵਤਨ ਮੋਨਾ ਅਗਰਵਾਲ (Compatriot Mona Agarwal) ਨੇ ਵੀ ਪੰਜਵਾਂ ਸਥਾਨ ਹਾਸਲ ਕਰਕੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਇਸ ਨਾਲ ਭਾਰਤ ਕੋਲ ਮੁਕਾਬਲੇ ਵਿੱਚ ਦੋ ਤਗ਼ਮੇ ਜਿੱਤਣ ਦਾ ਮੌਕਾ ਹੈ। ਡਿਫੈਂਡਿੰਗ ਚੈਂਪੀਅਨ ਅਵਨੀ ਨੇ 625.8 ਦਾ ਸਕੋਰ ਬਣਾਇਆ ਅਤੇ ਇਰੀਨਾ ਸ਼ੈਟਨਿਕ ਨੂੰ ਪਿੱਛੇ ਛੱਡ ਦਿੱਤਾ। ਇਰੀਨਾ ਨੇ ਪੈਰਾਲੰਪਿਕ ਕੁਆਲੀਫਿਕੇਸ਼ਨ ਰਾਊਂਡ ਵਿੱਚ 627.5 ਦੇ ਸਕੋਰ ਨਾਲ ਨਵਾਂ ਰਿਕਾਰਡ ਕਾਇਮ ਕੀਤਾ। ਦੋ ਵਾਰ ਦੀ ਵਿਸ਼ਵ ਕੱਪ ਸੋਨ ਤਗਮਾ ਜੇਤੂ ਮੋਨਾ ਨੇ ਆਪਣੇ ਪਹਿਲੇ ਪੈਰਾਲੰਪਿਕ ਵਿੱਚ ਹਿੱਸਾ ਲੈਂਦਿਆਂ 623.1 ਦਾ ਸਕੋਰ ਬਣਾਇਆ।
ਅਵਨੀ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕਸ ਵਿੱਚ ਐਸ.ਐਚ1 ਵਰਗ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਧ ਸੁਰਖੀਆਂ ਬਟੋਰਨ ਵਾਲੀ ਪੈਰਾ ਐਥਲੀਟ ਬਣ ਗਈ ਸੀ। ਉਨ੍ਹਾਂ ਨੇ ਟੋਕੀਓ ਪੈਰਾਲੰਪਿਕਸ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਗਮਾ ਅਤੇ 50 ਮੀਟਰ ਰਾਈਫਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਕਾਰ ਦੁਰਘਟਨਾ ਵਿੱਚ ਆਪਣੇ ਹੇਠਲੇ ਸਰੀਰ ‘ਤੇ ਗੰਭੀਰ ਸੱਟ ਲੱਗਣ ਤੋਂ ਬਾਅਦ ਅਵਨੀ ਵ੍ਹੀਲਚੇਅਰ ਦੀ ਵਰਤੋਂ ਕਰਦੀ ਹੈ। ਸ਼ੂਟਿੰਗ ਵਿੱਚ ਐਸ.ਐਚ1 ਸ਼੍ਰੇਣੀ ਵਿੱਚ ਉਹ ਨਿਸ਼ਾਨੇਬਾਜ਼ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀਆਂ ਬਾਹਾਂ, ਹੇਠਲੇ ਧੜ, ਲੱਤਾਂ ਦੀ ਗਤੀ ਪ੍ਰਭਾਵਿਤ ਹੁੰਦੀ ਹੈ ਜਾਂ ਉਨ੍ਹਾਂ ਦੇ ਹੱਥਾਂ ਜਾਂ ਲੱਤਾਂ ਵਿੱਚ ਵਿਗਾੜ ਹੁੰਦਾ ਹੈ।