ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (The National Investigation Agency),(ਐੱਨ.ਆਈ.ਏ.) ਨੇ ਅੱਤਵਾਦੀ ਸਾਜ਼ਿਸ਼ ਅਤੇ ਅੱਤਵਾਦੀ ਫੰਡਿੰਗ ਦੇ ਸ਼ੱਕ ‘ਚ 5 ਰਾਜਾਂ ‘ਚ 22 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ। ਮਹਾਰਾਸ਼ਟਰ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਅਸਾਮ ਅਤੇ ਦਿੱਲੀ ਵਿੱਚ ਛਾਪੇ ਮਾਰੇ ਗਏ। NIA ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕਾਰਵਾਈ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਏਜੰਸੀ ਨੇ ਅੱਜ ਸਵੇਰੇ ਹੀ ਮਹਾਰਾਸ਼ਟਰ ਦੇ ਮਾਲੇਗਾਓਂ, ਜਾਲਨਾ ਅਤੇ ਸੰਭਾਜੀਨਗਰ ‘ਚ ਆਪਣੀ ਟੀਮ ਨਾਲ ਛਾਪੇਮਾਰੀ ਕੀਤੀ। ਇਸ ਤੋਂ ਬਾਅਦ ਏ.ਟੀ.ਐਸ. ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਖ਼ਬਰਾਂ ਮੁਤਾਬਕ NIA ਦੀ ਟੀਮ ਨਾਸਿਕ ਦੇ ਮਾਲੇਗਾਓਂ ਵੀ ਪਹੁੰਚ ਗਈ ਹੈ। ਇੱਥੇ ਮਾਸ਼ਰੀਕੀ ਸਕਾਲਰ ਰੋਡ ’ਤੇ ਸਥਿਤ ਇੱਕ ਹੋਮਿਓਪੈਥਿਕ ਕਲੀਨਿਕ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਏਜੰਸੀ ਨੇ ਦਿੱਲੀ ਦੇ ਮੁਸਤਫਾਬਾਦ ਵਿੱਚ ਦੇਰ ਰਾਤ ਛਾਪੇਮਾਰੀ ਵੀ ਕੀਤੀ। ਇਸ ਕਾਰਵਾਈ ਵਿੱਚ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਅਤੇ ਸਥਾਨਕ ਪੁਲਿਸ ਵੀ ਸ਼ਾਮਲ ਸੀ। ਇਸ ਦੌਰਾਨ ਕਈ ਸ਼ੱਕੀ ਵਸਤੂਆਂ ਮਿਲੀਆਂ ਹਨ ਅਤੇ ਐਨ.ਆਈ.ਏ. ਨੇ ਕੁਝ ਸ਼ੱਕੀਆਂ ਨੂੰ ਨੋਟਿਸ ਵੀ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ ਇੱਕ-ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਲਿਆ ਗਿਆ ਹੈ। ਇਹ ਕਾਰਵਾਈ ਰਾਤ ਨੂੰ ਸ਼ੁਰੂ ਹੋਈ ਅਤੇ ਸਵੇਰ ਤੱਕ ਜਾਰੀ ਰਹੀ।
ਇਸ ਤੋਂ ਇਲਾਵਾ ਏਜੰਸੀ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਅਤੇ ਹੋਰ ਇਲਾਕਿਆਂ ‘ਚ ਵੀ ਛਾਪੇਮਾਰੀ ਕੀਤੀ। ਬਾਰਾਮੂਲਾ ਵਿੱਚ ਮੌਲਵੀ ਇਕਬਾਲ ਭੱਟ ਦੇ ਘਰ ਛਾਪਾ ਮਾਰਿਆ ਗਿਆ, ਜਿੱਥੇ ਐਨ.ਆਈ.ਏ. ਨੇ ਸੁਰੱਖਿਆ ਬਲਾਂ ਦੀ ਮਦਦ ਨਾਲ ਤਲਾਸ਼ੀ ਲਈ। ਫਿਲਹਾਲ ਇਸ ਆਪ੍ਰੇਸ਼ਨ ‘ਚ ਕਿਸੇ ਦੀ ਗ੍ਰਿਫਤਾਰੀ ਜਾਂ ਅਹਿਮ ਵਸਤੂਆਂ ਦੀ ਬਰਾਮਦਗੀ ਦੀ ਕੋਈ ਖ਼ਬਰ ਨਹੀਂ ਹੈ ਪਰ ਜਾਂਚ ਅਜੇ ਜਾਰੀ ਹੈ।
ਦੱਸ ਦੇਈਏ ਕਿ 1 ਅਕਤੂਬਰ ਨੂੰ ਐਨ.ਆਈ.ਏ. ਨੇ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਸੀ। NIA ਦੀ ਟੀਮ ਨੇ ਦੱਖਣੀ 24 ਪਰਗਨਾ, ਆਸਨਸੋਲ, ਹਾਵੜਾ, ਨਾਦੀਆ ਅਤੇ ਕੋਲਕਾਤਾ ‘ਚ 11 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।