ਨੋਇਡਾ: ਐਨ.ਸੀ.ਆਰ. ਵਿੱਚ ਦੋ ਮਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਨੋਇਡਾ ਦੇ ਡੀ.ਐਲ.ਐਫ. ਮਾਲ ਅਤੇ ਗੁਰੂਗ੍ਰਾਮ ਦੇ ਐਂਬੀਐਂਸ ਮਾਲ ਨੂੰ ਧਮਕੀ ਭਰੇ ਈ-ਮੇਲ (E-Mail) ਭੇਜੇ ਗਏ ਹਨ। ਦੋਵੇਂ ਮਾਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਪੁਲਿਸ ਬਲ ਮੌਕੇ ‘ਤੇ ਤਾਇਨਾਤ ਹਨ।
ਐਂਬੀਐਂਸ ਮਾਲ ਮੈਨੇਜਮੈਂਟ ਨੂੰ ਮਿਲੀ ਮੇਲ ਵਿੱਚ ਲਿਖਿਆ ਹੈ ਕਿ ਮੈਂ ਬਿਲਡਿੰਗ ਵਿੱਚ ਬੰਬ ਲਗਾਏ ਹਨ। ਇਮਾਰਤ ਦੇ ਅੰਦਰ ਹਰ ਕੋਈ ਮਾਰਿਆ ਜਾਵੇਗਾ। ਤੁਹਾਡੇ ਵਿੱਚੋਂ ਕੋਈ ਨਹੀਂ ਬਚੇਗਾ। ਮੈਂ ਇਮਾਰਤਾਂ ਵਿੱਚ ਬੰਬ ਲਗਾਏ ਕਿਉਂਕਿ ਮੈਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੈ। ਇਸ ਹਮਲੇ ਪਿੱਛੇ ਪੈਗੀ ਅਤੇ ਨੋਰਾ ਦਾ ਹੱਥ ਹੈ।
ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਪ੍ਰਬੰਧਕਾਂ ਨੇ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਪੁਲਿਸ ਦੇ ਨਾਲ-ਨਾਲ ਬੰਬ ਨਿਰੋਧਕ ਦਸਤੇ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਧਮਕੀ ਭਰੀ ਮੇਲ ਕਿਸ ਨੇ ਭੇਜੀ ਹੈ। ਇਸ ਸਾਰੀ ਘਟਨਾ ਪਿੱਛੇ ਕੌਣ ਹੈ?