ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ (The Assembly Elections) ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। NCP (SP) ਦੇ ਪ੍ਰਧਾਨ ਸ਼ਰਦ ਪਵਾਰ (NCP (SP) President Sharad Pawar) ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ (Maharashtra Chief Minister Eknath Shinde) ਨਾਲ ਸਹਿਆਦਰੀ ਗੈਸਟ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਬੈਠਕ ‘ਚ ਪਵਾਰ ਨੇ ਮੁੱਖ ਮੰਤਰੀ ਨਾਲ ਮਰਾਠਾ ਅਤੇ ਓ.ਬੀ.ਸੀ ਰਿਜ਼ਰਵੇਸ਼ਨ ਅਤੇ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲਣ ਵਾਲੀ ਦੁੱਧ ਦੀ ਕੀਮਤਾਂ ਦੇ ਮੁੱਦੇ ‘ਤੇ ਚਰਚਾ ਕੀਤੀ।
ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਐੱਨਸੀਪੀ (ਸਪਾ) ਦੇ ਮੁਖੀ ਸ਼ਰਦ ਪਵਾਰ ‘ਤੇ ਤਿੱਖਾ ਹਮਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਦੇਸ਼ ‘ਚ ਭ੍ਰਿਸ਼ਟਾਚਾਰ ਦਾ ‘ਬਾਦਸ਼ਾਹ’ ਕਿਹਾ ਹੈ।
ਚੋਣਾਂ ਤੋਂ ਪਹਿਲਾਂ ਗਰਮਾ ਗਿਆ ਮਰਾਠਾ ਰਾਖਵਾਂਕਰਨ ਦਾ ਮੁੱਦਾ
ਪਿਛਲੇ ਹਫਤੇ ਛਗਨ ਭੁਜਬਲ ਨੇ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ, ਜਿਸ ‘ਚ ਸ਼ਰਦ ਪਵਾਰ ਨੇ ਮਰਾਠਾ ਰਾਖਵਾਂਕਰਨ ਮੁੱਦੇ ‘ਤੇ ਵਿਚੋਲਗੀ ਕਰਨ ਦੀ ਮੰਗ ਕੀਤੀ ਸੀ। ਇਸ ਸਮੇਂ ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਮਹਾਰਾਸ਼ਟਰ ‘ਚ ਮਾਹੌਲ ਗਰਮ ਹੈ। ਛਗਨ ਭੁਜਬਲ ਨੇ ਮੰਗ ਕੀਤੀ ਸੀ ਕਿ ਅਜਿਹੀ ਸਥਿਤੀ ਵਿੱਚ ਸੂਬੇ ਦੇ ਕਿਸੇ ਸੀਨੀਅਰ ਆਗੂ ਨੂੰ ਵਿਚੋਲਗੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਸ਼ਰਦ ਪਵਾਰ ਨੇ ਪ੍ਰੈੱਸ ਕਾਨਫਰੰਸ ‘ਚ ਇਸ ਸਬੰਧ ‘ਚ ਆਪਣਾ ਪੱਖ ਵੀ ਰੱਖਿਆ।
ਇਸ ਤੋਂ ਇਲਾਵਾ ਲਕਸ਼ਮਣ ਹੇਕ ਅਤੇ ਨਵਨਾਥ ਵਾਘਮਾਰੇ ਦੀ ਅਗਵਾਈ ਹੇਠ ‘ਓ.ਬੀ.ਸੀ. ਰਾਖਵਾਂਕਰਨ ਬਚਾਓ ਜਨਕਰੋਸ਼ ਯਾਤਰਾ’ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਹ ਯਾਤਰਾ ਅੰਤਰਵਾਲੀ ਸਰਟੀ ਤੋਂ ਗੁਜ਼ਰੇਗੀ, ਜਿੱਥੇ ਮਨੋਜ ਜਾਰੰਗੇ ਭੁੱਖ ਹੜਤਾਲ ‘ਤੇ ਬੈਠੇ ਹਨ।
ਮਹਾਰਾਸ਼ਟਰ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਐਮ.ਵੀ.ਏ. ਅਤੇ ਐਨ.ਡੀ.ਏ. ਦੇ ਆਗੂਆਂ ਨੇ ਕਮਰ ਕੱਸ ਲਈ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਕਾਂਗਰਸ ਨੇ ਮੀਡੀਆ ਨਾਲ ਜੁੜਨ ਲਈ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਅਕਤੂਬਰ ਵਿੱਚ ਹੋਣ ਦੀ ਸੰਭਾਵਨਾ ਹੈ।