ਪੰਜਾਬ : ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (The National Council of Educational Research and Training) ਨੇ ਆਪਣੀਆਂ ਪਾਠ-ਪੁਸਤਕਾਂ ‘ਚ ਬਦਲਾਅ ਕਰਦੇ ਹੋਏ ਅਯੁੱਧਿਆ ‘ਚ ਬਾਬਰੀ ਮਸਜਿਦ ਢਾਹੇ ਜਾਣ, ਗੁਜਰਾਤ ਦੰਗਿਆਂ ‘ਚ ਮੁਸਲਮਾਨਾਂ ਦੀ ਹੱਤਿਆ ਅਤੇ ਮਨੀਪੁਰ ਦੇ ਭਾਰਤ ‘ਚ ਰਲੇਵੇਂ ਦੇ ਸੰਦਰਭਾਂ ਨੂੰ ਹਟਾ ਦਿੱਤਾ ਹੈ।
ਹਾਲਾਂਕਿ NCERT ਨੇ ਸੰਸ਼ੋਧਿਤ ਹਵਾਲਿਆਂ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਅਧਿਕਾਰੀਆਂ ਨੇ ਕਿਹਾ ਕਿ ਇਹ ਬਦਲਾਅ ਨਿਯਮਤ ਅਪਡੇਟ ਦਾ ਹਿੱਸਾ ਹਨ ਅਤੇ ਨਵੇਂ ਪਾਠਕ੍ਰਮ ਫਰੇਮਵਰਕ (NCF) ਦੇ ਅਨੁਸਾਰ ਨਵੀਆਂ ਕਿਤਾਬਾਂ ਦੇ ਵਿਕਾਸ ਨਾਲ ਸਬੰਧਤ ਨਹੀਂ ਹਨ। ਇਹ ਬਦਲਾਅ 11ਵੀਂ ਅਤੇ 12ਵੀਂ ਜਮਾਤ ਦੀਆਂ ਰਾਜਨੀਤੀ ਸ਼ਾਸਤਰ ਦੀਆਂ ਪਾਠ ਪੁਸਤਕਾਂ ਅਤੇ ਹੋਰਾਂ ਵਿੱਚ ਕੀਤਾ ਗਿਆ ਹੈ।
ਨਾਗਰਿਕ ਸ਼ਾਸਤਰ ਦੀਆਂ ਕਿਤਾਬਾਂ ਵਿੱਚ ਵੀ ਤਬਦੀਲੀਆਂ
NCERT ਦੇ ਅਨੁਸਾਰ, ਕੀਤੇ ਗਏ ਸਾਰੇ ਬਦਲਾਅ ਮੌਜੂਦਾ ਅਕਾਦਮਿਕ ਸੈਸ਼ਨ ਯਾਨੀ 2023-2024 ਤੋਂ ਲਾਗੂ ਕੀਤੇ ਜਾਣਗੇ। ਇਤਿਹਾਸ ਅਤੇ ਹਿੰਦੀ ਪਾਠ-ਪੁਸਤਕਾਂ ਦੇ ਨਾਲ-ਨਾਲ 12ਵੀਂ ਜਮਾਤ ਦੀਆਂ ਨਾਗਰਿਕ ਸ਼ਾਸਤਰ ਦੀਆਂ ਕਿਤਾਬਾਂ ਨੂੰ ਵੀ ਸੋਧਿਆ ਗਿਆ ਹੈ। ਕਿਤਾਬ ਵਿੱਚੋਂ ‘ਅਮਰੀਕਨ ਹੇਜੀਮਨੀ ਇਨ ਵਰਲਡ ਪਾਲੀਟਿਕਸ’ ਅਤੇ ‘ਦਿ ਕੋਲਡ ਵਾਰ ਏਰਾ’ ਨਾਮ ਦੇ ਦੋ ਚੈਪਟਰ ਹਟਾ ਦਿੱਤੇ ਗਏ ਹਨ। 12ਵੀਂ ਜਮਾਤ ਦੀ ਪਾਠ ਪੁਸਤਕ ‘ਆਜ਼ਾਦੀ ਤੋਂ ਬਾਅਦ ਭਾਰਤੀ ਰਾਜਨੀਤੀ’ ਤੋਂ ‘ਰਾਈਜ਼ ਆਫ਼ ਪਾਪੂਲਰ ਮੂਵਮੈਂਟਸ’ ਅਤੇ ‘ਦਿ ਏਰਾ ਆਫ਼ ਸਿੰਗਲ ਪਾਰਟੀ ਡੌਮੀਨੈਂਸ’ ਨਾਮ ਦੇ ਦੋ ਚੈਪਟਰ ਵੀ ਹਟਾ ਦਿੱਤੇ ਗਏ ਹਨ।