ਸਪੋਰਟਸ ਨਿਊਜ਼: ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸ਼੍ਰੇਅਸ ਅਈਅਰ (Captain Shreyas Iyer) ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਅਗਲੇ ਸੀਜ਼ਨ ਤੋਂ ਪਹਿਲਾਂ ਟੀਮ ਦੇ ਅਭਿਆਸ ਕੈਂਪ ‘ਚ ਸ਼ਾਮਲ ਹੋ ਗਏ ਹਨ। ਪਿੱਠ ਦੀ ਸਮੱਸਿਆ ਕਾਰਨ ਅਈਅਰ ਦੀ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਵਿੱਚ ਭਾਗੀਦਾਰੀ ਸ਼ੱਕੀ ਲੱਗ ਰਹੀ ਸੀ।
ਕੇਕੇਆਰ ਨੇ ਅਈਅਰ ਦੇ ਸ਼ਹਿਰ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਹਨ। ਇਹ 29 ਸਾਲਾ ਬੱਲੇਬਾਜ਼ ਪਿੱਠ ਦੇ ਆਪਰੇਸ਼ਨ ਕਾਰਨ ਪਿਛਲੇ ਸਾਲ ਆਈਪੀਐਲ ਵਿੱਚ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਸਤੰਬਰ ਵਿੱਚ ਪ੍ਰਤੀਯੋਗੀ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ ਪਰ ਪਿੱਠ ਦਾ ਦਰਦ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਰਿਹਾ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚ ਖੇਡੇ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਪਿੱਠ ‘ਚ ਦਰਦ ਹੋਣ ਲੱਗਾ ਸੀ।ਉਨ੍ਹਾਂ ਨੂੰ ਬਾਕੀ ਤਿੰਨ ਟੈਸਟ ਮੈਚਾਂ ਲਈ ਭਾਰਤੀ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ।
ਅਈਅਰ ਮੁੰਬਈ ਵੱਲੋਂ ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਨਹੀਂ ਖੇਡ ਸਕੇ ਸਨ।ਪਰ ਸੈਮੀਫਾਈਨਲ ਅਤੇ ਫਾਈਨਲ ਵਿੱਚ ਇਹ ਟੀਮ ਦਾ ਹਿੱਸਾ ਸਨ।ਵਿਦਰਭ ਦੇ ਖ਼ਿਲਾਫ਼ ਫਾਈਨਲ ‘ਚ ਉਹ ਪਿੱਠ ਦਰਦ ਤੋਂ ਪਰੇਸ਼ਾਨ ਸਨ। ਇਸ ਕਾਰਨ ਉਹ ਮੈਚ ਦੇ ਆਖਰੀ ਦੋ ਦਿਨ ਮੈਦਾਨ ‘ਤੇ ਨਹੀਂ ਉਤਰੇ।ਕੇਕੇਆਰ ਆਈਪੀਐਲ ‘ਚ ਆਪਣਾ ਪਹਿਲਾ ਮੈਚ 23 ਮਾਰਚ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਖ਼ਿਲਾਫ਼ ਈਡਨ ਗਾਰਡਨ ‘ਚ ਖੇਡਣਗੇ।