ਨਵੀ ਦਿੱਲੀ: ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (The National Capital Region),(ਐੱਨ.ਸੀ.ਆਰ.) ਦੇ ਕਈ ਇਲਾਕਿਆਂ ‘ਚ ਅੱਜ ਸਵੇਰੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਕੁਝ ਥਾਵਾਂ ‘ਤੇ ਪਾਣੀ ਭਰ ਗਿਆ। ਬੱਦਲਾਂ ਦੀ ਇੱਕ ਸੰਘਣੀ ਚਾਦਰ ਨੇ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਢੱਕ ਲਿਆ ਹੈ, ਜਿਸ ਨਾਲ ਕੁਝ ਹਿੱਸਿਆਂ ਵਿੱਚ ਦਿੱਖ ਘਟ ਗਈ ਹੈ।
ਦਿੱਲੀ ਦੇ ਜਨਪਥ, ਆਈ.ਟੀ.ਓ., ਮਿੰਟੋ ਰੋਡ, ਆਸ਼ਰਮ, ਆਨੰਦ ਵਿਹਾਰ ਅਤੇ ਮਯੂਰ ਵਿਹਾਰ ਵਰਗੇ ਖੇਤਰਾਂ ਅਤੇ ਨੋਇਡਾ ਅਤੇ ਫਰੀਦਾਬਾਦ ਦੇ ਕਈ ਸਥਾਨਾਂ ‘ਤੇ ਸਵੇਰ ਤੋਂ ਹੀ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸ਼ਹਿਰ ਵਿੱਚ ਬੱਦਲਵਾਈ ਦੇ ਨਾਲ ਭਾਰੀ ਬਾਰਸ਼ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਆਉਣ ਵਾਲੇ ਘੰਟਿਆਂ ਵਿੱਚ, ‘ਉੱਤਰੀ ਦਿੱਲੀ, ਉੱਤਰ-ਪੂਰਬੀ ਦਿੱਲੀ, ਮੱਧ ਦਿੱਲੀ, ਨਵੀਂ ਦਿੱਲੀ, ਦੱਖਣੀ ਦਿੱਲੀ, ਦੱਖਣ-ਪੂਰਬੀ ਦਿੱਲੀ, ਪੂਰਬੀ ਦਿੱਲੀ ਅਤੇ ਇਨ੍ਹਾਂ ਖੇਤਰਾਂ ਵਿੱਚ ਹਲਕੀ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।’
ਗੁਆਂਢੀ ਇਲਾਕਿਆਂ ਜਿਵੇਂ ਕਿ ਹਰਿਆਣਾ ਦੇ ਗਨੌਰ, ਸੋਨੀਪਤ, ਸੋਹਨਾ, ਪਲਵਲ ਅਤੇ ਨੂਹ ਅਤੇ ਉੱਤਰ ਪ੍ਰਦੇਸ਼ ਦੇ ਬਰੌਤ, ਬਾਗਪਤ, ਖੇਕੜਾ, ਸਿਕੰਦਰਾਬਾਦ ਅਤੇ ਖੁਰਜਾ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬੀਤੇ ਦਿਨ ਭਵਿੱਖਬਾਣੀ ਕੀਤੀ ਸੀ ਕਿ ’13 ਜੁਲਾਈ ਨੂੰ ਦਿੱਲੀ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ-ਚੰਡੀਗੜ੍ਹ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।’