ਹਿਸਾਰ: ਸਰਗਰਮ ਪੱਛਮੀ ਗੜਬੜੀ (Active Western Disturbance) ਅਤੇ ਘੱਟ ਦਬਾਅ ਵਾਲੇ ਖੇਤਰ (ਮਾਨਸੂਨ ਟਰਫ) ਦੀ ਰੇਖਾ ਹਿਸਾਰ ਅਤੇ ਰਾਜ ਵਿੱਚ ਪਹੁੰਚਣ ਕਾਰਨ 12 ਤੋਂ 14 ਜੁਲਾਈ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਉੱਤਰੀ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੇ ਸਬੰਧ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਗੌਰਤਲਬ ਹੈ ਕਿ ਸੂਬੇ ਦੇ ਅਜੇ ਵੀ 9 ਜ਼ਿਲ੍ਹੇ ਅਜਿਹੇ ਹਨ ਜਿੱਥੇ ਇਸ ਮਹੀਨੇ ਆਮ ਨਾਲੋਂ ਘੱਟ ਮੀਂਹ ਪਿਆ ਹੈ। ਇਨ੍ਹਾਂ ਵਿਚ ਪਾਣੀਪਤ ਵਿਚ ਆਮ ਨਾਲੋਂ 92 ਫੀਸਦੀ, ਕਰਨਾਲ ਵਿਚ 83 ਫੀਸਦੀ, ਰੋਹਤਕ ਵਿਚ 80, ਸੋਨੀਪਤ ਵਿਚ 71, ਪੰਚਕੂਲਾ ਵਿਚ 60, ਯਮੁਨਾਨਗਰ ਵਿਚ 50, ਕੈਥਲ ਵਿਚ 48, ਅੰਬਾਲਾ ਵਿਚ 40 ਅਤੇ ਜੀਂਦ ਵਿਚ 35 ਫੀਸਦੀ ਘੱਟ ਮੀਂਹ ਪਿਆ ਹੈ।
ਮੌਸਮ ਵਿਗਿਆਨੀ ਡਾ: ਚੰਦਰਮੋਹਨ ਨੇ ਕਿਹਾ ਕਿ ਅੱਜ ਸਰਗਰਮ ਪੱਛਮੀ ਗੜਬੜੀ ਕਾਰਨ ਪੰਜਾਬ ‘ਤੇ ਘੱਟ ਦਬਾਅ ਵਾਲਾ ਖੇਤਰ ਬਣੇਗਾ। ਇਸ ਦੌਰਾਨ ਘੱਟ ਦਬਾਅ ਵਾਲੇ ਖੇਤਰ ਦੀ ਰੇਖਾ ਦੇ ਹਰਿਆਣਾ, ਐਨ.ਸੀ.ਆਰ. ਅਤੇ ਦਿੱਲੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਕਾਰਨ ਹਰਿਆਣਾ, ਐਨ.ਸੀ.ਆਰ. ਅਤੇ ਦਿੱਲੀ ਵਿੱਚ ਸੁਸਤ ਮਾਨਸੂਨ ਰਫ਼ਤਾਰ ਫੜੇਗਾ। ਇਸ ਦੇ ਨਾਲ ਹੀ 14 ਜੁਲਾਈ ਤੱਕ ਹਰਿਆਣਾ, ਐਨ.ਸੀ.ਆਰ. ਅਤੇ ਦਿੱਲੀ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕੁਝ ਥਾਵਾਂ ‘ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਕੀ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ।