ਪੰਜਾਬ : ਪੰਜਾਬੀ ਗਾਇਕ ਕਰਨ ਔਜਲਾ (Punjabi singer Karan Aujla) ਨੂੰ ਆਈਫਾ ਐਵਾਰਡਜ਼ 2024 (IIFA Awards 2024) ਦੌਰਾਨ ‘ਇੰਟਰਨੈਸ਼ਨਲ ਟਰੈਂਡ ਸੇਟਰ ਆਫ ਈਅਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਨੂੰ ਇਹ ਸਨਮਾਨ ਮਸ਼ਹੂਰ ਗਾਇਕ ਸ਼ੰਕਰ ਮਹਾਦੇਵਨ ਨੇ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਟੇਜ ‘ਤੇ ‘ਤੌਬਾ-ਤੌਬਾ’ ਗੀਤ ਵੀ ਗਾਇਆ।
ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਪੰਜਾਬੀ ਗਾਇਕ ਨੇ ਕਿਹਾ, ‘ਮੈਂ ਇਸ ਸਮੇਂ ਜੋ ਮਹਿਸੂਸ ਕਰ ਰਿਹਾ ਹਾਂ, ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ।’ ਉਨ੍ਹਾਂ ਕਿਹਾ ਕਿ ਮੈਨੂੰ ਇਹ ਸਨਮਾਨ ਮਿਲਣਾ ਬਹੁਤ ਹੈਰਾਨੀ ਵਾਲੀ ਗੱਲ ਹੈ। ਜੇਕਰ ਮੇਰੇ ਨਾਲ ਪੰਜਾਬੀ ਅਤੇ ਕੈਨੇਡੀਅਨ ਪ੍ਰਸ਼ੰਸਕ ਨਾ ਹੁੰਦੇ ਤਾਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ। ਇਸ ਦੌਰਾਨ ਐਵਾਰਡ ਸਮਾਰੋਹ ‘ਚ ਰੈਪਰ ਹਨੀ ਸਿੰਘ ਕਰਨ ਔਜਲਾ ਨਾਲ ਬੈਠੇ ਨਜ਼ਰ ਆਏ ਅਤੇ ਦੋਵੇਂ ਐਵਾਰਡ ਦੌਰਾਨ ਮਸਤੀ ਕਰਦੇ ਵੀ ਨਜ਼ਰ ਆਏ।
ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਗੀਤ ‘ਤੌਬਾ ਤੌਬਾ’ ਨਾਲ ਹਲਚਲ ਮਚਾ ਦਿੱਤੀ ਹੈ ਜੋ ਕਿ ਟ੍ਰੈਂਡ ਕਰ ਰਿਹਾ ਹੈ। ਵਿੱਕੀ ਕੌਸ਼ਲ ਨੇ ਇਸ ਗੀਤ ‘ਤੇ ਡਾਂਸ ਕੀਤਾ ਹੈ ਅਤੇ ਇਹ ਗੀਤ ਵਿੱਕੀ ਕੌਸ਼ਲ ਦੀ ਫਿਲਮ ‘ਚ ਫਿਲਮਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਵਿੱਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਹਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਕਰਨ ਔਜਲਾ ਗੀਤ ਲਿਖਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਗਾਉਣਾ ਵੀ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਛੋਟੀ ਉਮਰ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਸੀ। ਕਰਨ ਔਜਲਾ ਪੰਜਾਬੀ ਗਾਇਕ ਜੱਸੀ ਗਿੱਲ ਦੀ ਬਦੌਲਤ ਇੰਡਸਟਰੀ ਵਿੱਚ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਜੱਸੀ ਗਿੱਲ ਲਈ ਇੱਕ ਗੀਤ ਵੀ ਲਿਖਿਆ।