ਬਠਿੰਡਾ: ਬੇਭਰੋਸਗੀ ਮਤੇ ਰਾਹੀਂ ਨਗਰ ਨਿਗਮ (Municipal Corporation) ਦੇ ਮੇਅਰ ਦੇ ਅਹੁਦੇ ਤੋਂ ਹਟਾਏ ਗਏ ਰਮਨ ਗੋਇਲ (Raman Goyal) ਦੇ ਮਾਮਲੇ ਦੀ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ 15 ਫਰਵਰੀ ਨੂੰ ਸੁਣਵਾਈ ਹੋਵੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ‘ਚ ਚੱਲ ਰਹੇ ਇਸ ਮਾਮਲੇ ਦੀ ਸੁਣਵਾਈ ਅੱਜ ਸੀ ਪਰ ਅਦਾਲਤ ਨੇ ਹੁਣ ਇਸ ਕੇਸ ਦੀ ਸੁਣਵਾਈ 15 ਫਰਵਰੀ ਨੂੰ ਤੈਅ ਕੀਤੀ ਹੈ।
ਵਰਨਣਯੋਗ ਹੈ ਕਿ 15 ਨਵੰਬਰ ਨੂੰ ਬੇਭਰੋਸਗੀ ਮਤੇ ਰਾਹੀਂ ਮੇਅਰ ਦੇ ਅਹੁਦੇ ਤੋਂ ਹਟਾਏ ਗਏ ਰਮਨ ਗੋਇਲ ਨੇ ਇਸ ਫ਼ੈਸਲੇ ਨੂੰ ਅਸੰਵਿਧਾਨਕ ਕਰਾਰ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਇਸ ਪ੍ਰਸਤਾਵ ਨੂੰ ਚੁਣੌਤੀ ਦਿੱਤੀ ਹੋਈ ਹੈ। ਉਨ੍ਹਾਂ ਅਦਾਲਤ ‘ਚ ਉਕਤ ਪ੍ਰਸਤਾਵ ਨੂੰ ਰੱਦ ਕਰਨ ਦੀ ਮੰਗ ਰੱਖੀ ਹੈ।
ਇਸ ਸਬੰਧੀ ਪਿਛਲੇ ਮਹੀਨੇ ਹਾਈ ਕੋਰਟ ‘ਚ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਮੇਅਰ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦੂਜੀ ਧਿਰ ਨੂੰ 20 ਦਸੰਬਰ ਨੂੰ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ। ਬੀਤੀ 20 ਦਸੰਬਰ ਨੂੰ ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 11 ਜਨਵਰੀ ਤੈਅ ਕੀਤੀ ਸੀ, ਪਰ ਬੀਤੇ ਦਿਨ ਇਸ ਕੇਸ ਦੀ ਸੁਣਵਾਈ ਲਈ 9 ਫਰਵਰੀ ਦੀ ਤਰੀਕ ਰੱਖੀ ਸੀ। ਹੁਣ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਲਈ 15 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਹੈ।