ਹਰਿਆਣਾ : ਹਰਿਆਣਾ ‘ਚ 5 ਅਕਤੂਬਰ ਨੂੰ ਵੋਟਿੰਗ ਖਤਮ ਹੋ ਗਈ, ਜਿਸ ਤੋਂ ਬਾਅਦ ਸੂਬੇ ਲਈ ਐਗਜ਼ਿਟ ਪੋਲ ਜਾਰੀ ਕੀਤੇ ਗਏ। ਸਰਵੇ ਮੁਤਾਬਕ ਕਾਂਗਰਸ ਦੇ ਬਹੁਮਤ ਨਾਲ ਆਉਣ ਦੇ ਸੰਕੇਤ ਮਿਲ ਰਹੇ ਹਨ। ਪਰ ਐਗਜ਼ਿਟ ਪੋਲ (Exit polls) ਕਿੰਨੇ ਕੁ ਸਹੀ ਹੋਣਗੇ? ਇਹ ਤਾਂ ਅੱਜ ਹੀ ਪਤਾ ਲੱਗ ਸਕਦਾ ਹੈ।
5 ਅਕਤੂਬਰ ਨੂੰ ਸੂਬੇ ਦੇ 1031 ਉਮੀਦਵਾਰਾਂ ਦਾ ਭਵਿੱਖ ਵੋਟਰਾਂ ਨੇ ਈ.ਵੀ.ਐਮਜ਼ ਵਿੱਚ ਕੈਦ ਕਰ ਲਿਆ ਹੈ। ਅੱਜ ਇਹ ਸਪੱਸ਼ਟ ਹੋ ਜਾਵੇਗਾ ਕਿ ਇਸ ਚੋਣ ਵਿੱਚ ਕੌਣ ਜਿੱਤਦਾ ਹੈ। ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਪਾਠਕ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਹਰਿਆਣਾ ਵਿੱਚ ਵੋਟਾਂ ਦੀ ਗਿਣਤੀ ਨਾਲ ਸਬੰਧਤ ਲਾਈਵ ਜਾਣਕਾਰੀ ਵੀ ਦੇਖ ਸਕਦੇ ਹਨ।
ਕਿਹੜੀਆਂ ਸੀਟਾਂ ‘ਤੇ ਹੋਵੇਗਾ ਦਿਲਚਸਪ ਮੁਕਾਬਲਾ?
ਕੁਰੂਕਸ਼ੇਤਰ ਦੀ ਲਾਡਵਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਮੁੱਖ ਮੰਤਰੀ ਨਾਇਬ ਸੈਣੀ ਕਾਂਗਰਸ ਦੇ ਮੇਵਾ ਸਿੰਘ ਨਾਲ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਗੜ੍ਹੀ-ਸਾਂਪਲਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਭੂਪੇਂਦਰ ਸਿੰਘ ਹੁੱਡਾ ਅਤੇ ਭਾਜਪਾ ਦੀ ਮੰਜੂ ਹੁੱਡਾ ਵਿਚਾਲੇ ਮੁਕਾਬਲਾ ਹੈ। ਜੀਂਦ ਦੀ ਜੁਲਾਨਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਅਤੇ ਆਮ ਆਦਮੀ ਪਾਰਟੀ ਦੀ ਕਵਿਤਾ ਦਲਾਲ ਅਤੇ ਭਾਜਪਾ ਦੇ ਯੋਗੇਸ਼ ਵਿਚਕਾਰ ਤਿਕੋਣਾ ਮੁਕਾਬਲਾ ਹੈ। ਇਸ ਤੋਂ ਇਲਾਵਾ ਅੰਬਾਲਾ ਛਾਉਣੀ ਤੋਂ ਭਾਜਪਾ ਉਮੀਦਵਾਰ ਅਨਿਲ ਵਿੱਜ ਅਤੇ ਕਾਂਗਰਸ ਦੇ ਪਰਿਮਲ ਪਰੀ ਵਿਚਕਾਰ ਸਖ਼ਤ ਟੱਕਰ ਹੋਵੇਗੀ। ਇਸ ਦੌਰਾਨ ਜੇ.ਜੇ.ਪੀ. ਦੇ ਉਪ ਪ੍ਰਧਾਨ ਦੁਸ਼ਯੰਤ ਚੌਟਾਲਾ ਉਚਾਨਾ ਕਲਾਂ ਸੀਟ ਤੋਂ ਖੜ੍ਹੇ ਹਨ।
2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ। ਉਸ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ 40 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ 30 ਅਤੇ ਜਨਨਾਇਕ ਜਨਤਾ ਪਾਰਟੀ ਨੂੰ 10 ਸੀਟਾਂ ਮਿਲੀਆਂ ਸਨ। ਪਿਛਲੀਆਂ ਚੋਣਾਂ ਵਿੱਚ ਜੇ.ਜੇ.ਪੀ. ਕਿੰਗਮੇਕਰ ਵਜੋਂ ਉਭਰੀ ਸੀ।
ਭਾਜਪਾ ਅਤੇ ਜੇ.ਜੇ.ਪੀ. ਦੇ ਗਠਜੋੜ ਤੋਂ ਬਾਅਦ ਮਨੋਹਰ ਲਾਲ ਨੂੰ ਮੁੱਖ ਮੰਤਰੀ ਬਣਾਇਆ ਗਿਆ, ਜਦਕਿ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਬਣੇ। ਹਾਲਾਂਕਿ, ਇਹ ਗਠਜੋੜ ਇਸ ਸਾਲ (ਮਾਰਚ) ਦੇ ਸ਼ੁਰੂ ਵਿੱਚ ਟੁੱਟ ਗਿਆ ਸੀ ਜਿਸ ਤੋਂ ਬਾਅਦ ਭਾਜਪਾ ਨੇ ਨਵੀਂ ਸਰਕਾਰ ਬਣਾਈ ਸੀ। ਇਸ ਦੌਰਾਨ ਭਾਜਪਾ ਨੇ ਨਾਇਬ ਸੈਣੀ ਸਿੰਘ ਨੂੰ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਹੈ।