ਲੁਧਿਆਣਾ : ਵਿਦਾਇਗੀ ਪਾਰਟੀ (Farewell Party) ਦੌਰਾਨ ਵਿਦਿਆਰਥੀਆਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ (District Education Officer) ਨੇ ਸਖਤ ਹੁਕਮ ਜਾਰੀ ਕੀਤੇ ਹਨ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਵਿਦਿਆਰਥੀ ਵਿਦਾਇਗੀ ਪਾਰਟੀਆਂ ਦੌਰਾਨ ਹੰਗਾਮਾ ਕਰਦੇ ਹਨ।

ਇਸ ਦੌਰਾਨ ਵਿਦਿਆਰਥੀ ਆਪਣੀਆਂ ਕਾਰਾਂ/ਮੋਟਰਸਾਈਕਲਾਂ ‘ਤੇ ਗਰੁੱਪ ਬਣਾ ਕੇ ਸੜਕਾਂ ‘ਤੇ ਹੰਗਾਮਾ ਕਰ ਰਹੇ ਹਨ। ਇਸ ਮੌਕੇ ਵਿਦਿਆਰਥੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੜਕਾਂ ‘ਤੇ ਘੁੰਮਦੇ ਹੋਏ ਵੀਡੀਓ ਬਣਾ ਰਹੇ ਹਨ। ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦੌਰਾਨ ਅਜਿਹੀਆਂ ਹਰਕਤਾਂ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ।

ਵਾਇਰਲ ਹੋਈ ਇਸ ਵੀਡੀਓ ਦਾ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸਖ਼ਤ ਨੋਟਿਸ ਲਿਆ ਹੈ, ਜਿਸ ਕਾਰਨ ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਉਹ ਪਾਰਟੀਬਾਜ਼ੀ ਤੋਂ ਗੁਰੇਜ਼ ਕਰਨ ਅਤੇ ਸਕੂਲ ਮੁਖੀ, ਅਧਿਆਪਕਾਂ ਅਤੇ ਮਾਪਿਆਂ ਦੀ ਨਿਗਰਾਨੀ ਹੇਠ ਅਜਿਹੇ ਪ੍ਰੋਗਰਾਮ ਕਰਵਾਉਣ।

ਜੇਕਰ ਫਿਰ ਵੀ ਕਿਸੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਅਜਿਹਾ ਰਵੱਈਆ/ਹੰਗਾਮਾ ਕੀਤਾ ਜਾਂਦਾ ਹੈ ਤਾਂ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦਾ ਜ਼ਿੰਮੇਵਾਰ ਸਕੂਲ ਮੁਖੀ ਹੋਵੇਗਾ।

ਦੱਸ ਦੇਈਏ ਕਿ ਲੁਧਿਆਣਾ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਨੇ ਵੇਅਰਵੈੱਲ ਪਾਰਟੀ ਤੋਂ ਬਾਅਦ ਲਗਜ਼ਰੀ ਕਾਰਾਂ ਵਿੱਚ ਸਵਾਰ ਹੋ ਕੇ ਸ਼ਹਿਰ ਵਿੱਚ ਖੂਬ ਹੰਗਾਮਾ ਕੀਤਾ ਅਤੇ ਕਾਰ ਦੇ ਸ਼ੀਸ਼ੇ ਅਤੇ ਸਨਰੂਫ ਤੋਂ ਬਾਹਰ ਨਿਕਲ ਕੇ ਪਟਾਕੇ ਚਲਾ ਕੇ ਰੀਲਾਂ ਬਣਾਈਆ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਹੈ।

ਇਸ ਦੌਰਾਨ ਵਿਦਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਕਾਰਨ ਕਈ ਕਾਰਾਂ ਆਪਸ ਵਿੱਚ ਟਕਰਾ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਹੁਣ ਤੱਕ 6 ਦੇ ਕਰੀਬ ਅਜਿਹੀਆਂ ਵਿਦਾਇਗੀ ਰੈਲੀਆਂ ਕੱਢੀਆਂ ਜਾ ਚੁੱਕੀਆਂ ਹਨ।

Leave a Reply