ਮੁੰਬਈ: ਦੇਸ਼ ਅਤੇ ਦੁਨੀਆ ‘ਚ ਆਪਣੀ ਪਛਾਣ ਬਣਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ (Comedian Kapil Sharma) ਨੇ ਈਡੀ ਨੂੰ ਦੱਸਿਆ ਹੈ ਕਿ ਕਈ ਮਸ਼ਹੂਰ ਹਸਤੀਆਂ ਨੂੰ ਧੋਖਾ ਦੇਣ ਦੇ ਦੋਸ਼ੀ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ (Dilip Chhabria) ਨੇ ਉਨ੍ਹਾਂ ਨੂੰ ਇਕ ਵੈਨਿਟੀ ਵੈਨ ਦੀ ਡਿਲੀਵਰੀ ਨਹੀਂ ਕੀਤੀ, ਜਿਸ ਦਾ ਉਨ੍ਹਾਂ ਨੇ ਆਰਡਰ ਦਿੱਤਾ ਸੀ। ਕਪਿਲ ਸ਼ਰਮਾ ਨੇ ਦੋਸ਼ ਲਾਇਆ ਕਿ ਗੱਡੀ ਦੀ ਡਿਲੀਵਰੀ ਨਾ ਕਰਨ ‘ਤੇ ਉਨ੍ਹਾਂ ‘ਤੇ ਹੀ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕਪਿਲ ਸ਼ਰਮਾ ਨੇ ਇਹ ਵੀ ਦੋਸ਼ ਲਾਇਆ ਕਿ ਛਾਬੜੀਆ ਨੇ ਵੈਨ ਦੀ ਡਿਲੀਵਰੀ ਨਹੀਂ ਕੀਤੀ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਉਨ੍ਹਾਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿਚ ਛਾਬੜੀਆ ਖ਼ਿਲਾਫ਼ ਦਾਇਰ ਚਾਰਜਸ਼ੀਟ ਦੇ ਹਿੱਸੇ ਵਜੋਂ ਕਾਮੇਡੀਅਨ ਕਪਿਲ ਸ਼ਰਮਾ ਦੇ ਅਧਿਕਾਰਤ ਪ੍ਰਤੀਨਿਧੀ ਮੁਹੰਮਦ ਹਾਮਿਦ ਦਾ ਬਿਆਨ ਦਰਜ ਕੀਤਾ ਹੈ। ਬੀਤੇ ਦਿਨ ਕੇਸ ਦੀ ਸੁਣਵਾਈ ਕਰ ਰਹੀ ਵਿਸ਼ੇਸ਼ PMLA ਅਦਾਲਤ ਨੇ ਚਾਰਜਸ਼ੀਟ ਦਾ ਨੋਟਿਸ ਲਿਆ ਅਤੇ ਇਸ ਮਾਮਲੇ ਵਿੱਚ ਛਾਬੜੀਆ ਅਤੇ ਛੇ ਹੋਰ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਈਡੀ ਦਾ ਕੇਸ ਕਪਿਲ ਸ਼ਰਮਾ ਦੁਆਰਾ ਦਾਇਰ ਧੋਖਾਧੜੀ ਦੇ ਕੇਸ ਸਮੇਤ ਮੁਲਜ਼ਮਾਂ ਵਿਰੁੱਧ ਦਰਜ ਤਿੰਨ ਐਫਆਈਆਰਜ਼ ‘ਤੇ ਅਧਾਰਤ ਹੈ। ਈਡੀ ਦੇ ਸਾਹਮਣੇ ਆਪਣੇ ਬਿਆਨ ਵਿੱਚ, ਕਾਮੇਡੀਅਨ ਤੋਂ ਅਭਿਨੇਤਾ ਦੇ ਨੁਮਾਇੰਦੇ ਨੇ ਕਿਹਾ ਕਿ K9 ਪ੍ਰੋਡਕਸ਼ਨ ਦੇ ਮਾਲਕ ਕਪਿਲ ਸ਼ਰਮਾ ਨੇ ਵੈਨਿਟੀ ਵੈਨ ਖਰੀਦਣ ਲਈ ਦਸੰਬਰ 2016 ਵਿਚ ਛਾਬੜੀਆ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ, ਮਾਰਚ 2017 ਵਿੱਚ, K9 ਪ੍ਰੋਡਕਸ਼ਨ ਅਤੇ ਦਿਲੀਪ ਛਾਬੜੀਆ ਡਿਜ਼ਾਈਨ ਪ੍ਰਾਈਵੇਟ ਲਿਮਟਿਡ (DCDPL) ਵਿਚਕਾਰ 4.5 ਕਰੋੜ ਰੁਪਏ (ਟੈਕਸ ਨੂੰ ਛੱਡ ਕੇ) ਵਿੱਚ ਇੱਕ ਵੈਨਿਟੀ ਵੈਨ ਦੀ ਡਿਲਿਵਰੀ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਸਨ।

ਬਿਆਨ ‘ਚ ਕਿਹਾ ਗਿਆ ਹੈ ਕਿ ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਕਪਿਲ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਵੱਲੋਂ 5.31 ਕਰੋੜ ਰੁਪਏ  ਦਾ ਭੁਗਤਾਨ ਕੀਤਾ ਗਿਆ ਸੀ। ਹਾਮਿਦ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ DCDPL ਨੇ ਸ਼ਰਮਾ ਨੂੰ ਨਾ ਤਾਂ ਵੈਨਿਟੀ ਵੈਨ ਦਿੱਤੀ ਅਤੇ ਨਾ ਹੀ ਕੋਈ ਪੈਸਾ ਵਾਪਸ ਕੀਤਾ। ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੱਡੀ ਦੀ ਡਿਲੀਵਰੀ ਵਿੱਚ ਦੇਰੀ ਲਈ ਸ਼ਰਮਾ ਨੂੰ ਹੀ ਜ਼ਿੰਮੇਵਾਰ ਠਹਿਰਾ ਕੇ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਸੀ।

Leave a Reply