DSP ਦਿਲਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
By admin / February 22, 2024 / No Comments / Punjabi News
ਲੁਧਿਆਣਾ : ਲੁਧਿਆਣਾ ਵਿਚ DSP ਦਿਲਪ੍ਰੀਤ ਸਿੰਘ (DSP Dilpreet Singh) ,(50) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿਲਪ੍ਰੀਤ ਮਲੇਰਕੋਟਲਾ ਵਿਚ ਤਾਇਨਾਤ ਸੀ। ਬੀਤੇ ਦਿਨ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਨੇੜੇ ਇਕ ਲਗਜ਼ਰੀ ਹੋਟਲ ਦੇ ਜਿੰਮ ‘ਚ ਕਸਰਤ ਕਰਦੇ ਸਮੇਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ ਹੈ।
ਲੁਧਿਆਣਾ ਵਾਸੀ ਦਿਲਪ੍ਰੀਤ ਸਿੰਘ ਲਗਾਤਾਰ ਜਿੰਮ ਜਾਂਦੇ ਸਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿਚ ACP ਵਜੋਂ ਕੰਮ ਕਰ ਚੁੱਕੇ ਹਨ। ਸਾਥੀਆਂ ਮੁਤਾਬਕ ਦਿਲਪ੍ਰੀਤ ਅਪਣੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਸਨ। ਉਹ ਬੀਤੀ ਸ਼ਾਮ ਕਰੀਬ 4 ਵਜੇ ਜਿਮ ਪਹੁੰਚੇ। ਕਸਰਤ ਕਰਦੇ ਸਮੇਂ ਉਨ੍ਹਾਂ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਅਚਾਨਕ ਡਿੱਗ ਗਏ, ਉਨ੍ਹਾਂ ਦੇ ਗੰਨਮੈਨ ਨੇ ਜਿੰਮ ਦੇ ਹੋਰ ਮੈਂਬਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦਿਲਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ।
ਅਪਣੀ ਸੇਵਾ ਦੌਰਾਨ ਉਨ੍ਹਾਂ ਨੇ ਕਈ ਕੇਸਾਂ ਨੂੰ ਹੱਲ ਕੀਤਾ ਸੀ, ਸੱਭ ਤੋਂ ਮਹੱਤਵਪੂਰਨ ਸੀ ਜਦੋਂ ਉਨ੍ਹਾਂ ਦੀ ਅਗਵਾਈ ਵਾਲੀ ਇਕ ਪੁਲਿਸ ਟੀਮ ਨੇ ਇਕ ਬਰਖਾਸਤ ਸਿਪਾਹੀ ਦੀ ਗ੍ਰਿਫਤਾਰੀ ਦੇ ਨਾਲ ਇਕ ਫਰਜ਼ੀ ਫੌਜੀ ਨੌਕਰੀ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਇਸ ਗਰੋਹ ਨੇ ਕਈ ਨੌਜਵਾਨਾਂ ਨੂੰ ਫੌਜ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰੀ ਸੀ। ਦਿਲਪ੍ਰੀਤ ਸਿੰਘ ਨੇ ਅਪਣੀ ਟੀਮ ਨਾਲ ਮਿਲ ਕੇ ਇਕ ਸਥਾਨਕ ਜੌਹਰੀ ਅਤੇ ਉਸ ਦੀ ਪਤਨੀ ਦੇ ਦੋਹਰੇ ਕਤਲ ਕੇਸ ਨੂੰ ਵੀ ਸੁਲਝਾਇਆ ਸੀ।