ਅੰਮ੍ਰਿਤਸਰ : ਡੀ.ਸੀ ਘਣਸ਼ਾਮ ਥੋਰੀ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਮੈਰਿਜ ਪੈਲੇਸਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਡੀ.ਸੀ ਨੇ ਏਅਰਪੋਰਟ ਨੇੜੇ ਲੇਜ਼ਰ ਸ਼ੋਅ ਚਲਾ ਰਹੇ ਮੈਰਿਜ ਪੈਲੇਸਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਡੀ.ਸੀ ਨੂੰ ਦੱਸਿਆ ਕਿ ਕੁਝ ਮੈਰਿਜ ਪੈਲੇਸਾਂ ਵਿੱਚ ਰਾਤ ਨੂੰ ਲੇਜ਼ਰ ਸ਼ੋਅ ਚਲਾਉਂਦੇ ਹਨ, ਜਿਸ ਕਾਰਨ ਪਾਇਲਟਾਂ ਨੂੰ ਲੈਂਡਿੰਗ ਅਤੇ ਟੇਕ ਆਫ ਕਰਨ ਵਿੱਚ ਦਿੱਕਤ ਆਉਂਦੀ ਹੈ ਅਤੇ ਖ਼ਤਰਾ ਵੀ ਪੈਦਾ ਹੋ ਸਕਦਾ ਹੈ।
ਡੀ.ਸੀ ਨੇ ਕਿਹਾ ਕਿ ਉਡਾਣਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਕੋਈ ਮੈਰਿਜ ਪੈਲੇਸ ਮਾਲਕ ਜਾਂ ਕੋਈ ਪ੍ਰਾਈਵੇਟ ਵਿਅਕਤੀ ਲੇਜ਼ਰ ਸ਼ੋਅ ਦਾ ਆਯੋਜਨ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀ.ਸੀ ਨੇ ਹਵਾਈ ਅੱਡੇ ਦੇ ਆਲੇ-ਦੁਆਲੇ ਪੰਛੀਆਂ ਦੀ ਆਮਦ ਨੂੰ ਘੱਟ ਕਰਨ ਲਈ ਹਵਾਈ ਅੱਡੇ ਦੇ ਆਲੇ-ਦੁਆਲੇ ਸਫਾਈ ਵਿਵਸਥਾ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਦੀ ਪ੍ਰਗਤੀ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।