ਸੋਨੀਪਤ: ਹਰਿਆਣਾ ‘ਚ ਵਧਦੇ ਪ੍ਰਦੂਸ਼ਣ (Increasing Pollution) ਕਾਰਨ ਲੋਕਾਂ ਨੂੰ ਸਾਹ ਲੈਣ ‘ਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਹਿਰੀਲੀ ਹਵਾ ‘ਚ ਸਾਹ ਲੈਣ ਲਈ ਮਜਬੂਰ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਸੋਨੀਪਤ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਸੋਨੀਪਤ ਦੇ ਡੀ.ਸੀ ਡਾਕਟਰ ਮਨੋਜ ਕੁਮਾਰ ਨੇ 12ਵੀਂ ਜਮਾਤ ਤੱਕ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ 12ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਸਿੱਖਿਆ ਨਿਰਦੇਸ਼ਕ ਵੱਲੋਂ ਜਾਰੀ ਕੀਤੇ ਗਏ ਹਨ। ਹਾਲਾਂਕਿ, ਇਹ ਫ਼ੈਸਲਾ ਲੈਣ ਦੀ ਜ਼ਿੰਮੇਵਾਰੀ ਡੀ.ਸੀ ਨੂੰ ਆਪਣੇ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ ਨੂੰ ਵੇਖਦਿਆਂ ਸੌਂਪੀ ਗਈ ਹੈ। ਕਰਨਾਲ ਦੇ ਡੀ.ਸੀ ਉੱਤਮ ਸਿੰਘ ਨੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ 5ਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਬੀਤੇ ਦਿਨ ਹਵਾ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਗੰਭੀਰ ਸ਼੍ਰੇਣੀ ਵਿੱਚ ਪਾਇਆ ਗਿਆ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਛੁੱਟੀ ਦੇ ਬਾਵਜੂਦ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਪਹਿਲਾਂ ਸਕੂਲਾਂ ਨੂੰ 5ਵੀਂ ਜਮਾਤ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਹੁਣ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ 12ਵੀਂ ਜਮਾਤ ਤੱਕ ਛੁੱਟੀਆਂ ਦੇ ਹੁਕਮ ਦਿੱਤੇ ਗਏ ਹਨ।