ਸਪੋਰਟਸ ਡੈਸਕ : ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਵਿਸ਼ਵ ਕੱਪ 2023 (World Cup 2023) ਦੇ ਫਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਦੀ ਟੀਮ (Australian team) ਨੇ ਭਾਰਤੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਦੇ ਖ਼ਿਤਾਬ ‘ਤੇ ਰਿਕਾਰਡ 6ਵੀਂ ਵਾਰ ਕਬਜ਼ਾ ਕਰ ਲਿਆ ਹੈ। ਭਾਰਤ ਵੱਲੋਂ ਦਿੱਤੇ ਗਏ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਆਸਟ੍ਰੇਲੀਆ ਦੇ ਓਪਨਿੰਗ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਡੇਵਿਡ ਵਾਰਨਰ ਕ੍ਰੀਜ਼ ‘ਤੇ ਆ ਗਏ। ਬੁਮਰਾਹ ਨੇ ਪਹਿਲੀ ਹੀ ਗੇਂਦ ‘ਤੇ ਡੇਵਿਡ ਵਾਰਨਰ ਦੇ ਬੱਲੇ ਦਾ ਕਿਨਾਰਾ ਛੁਹਾਇਆ, ਪਰ ਸਲਿਪ ਤੇ ਕੀਪਰ, ਦੋਵਾਂ ਨੇ ਹੀ ਹੱਥ ਅੱਗੇ ਨਹੀਂ ਕੀਤਾ। ਇਹ ਗੇਂਦ ਵਿਕਟ ਦਿਵਾ ਸਕਦੀ ਸੀ, ਪਰ ਚੌਕਾ ਦਿਵਾ ਗਈ। ਇਸ ਤੋਂ ਬਾਅਦ ਅਗਲਾ ਓਵਰ ਕਰਵਾਉਣ ਆਏ ਸ਼ੰਮੀ ਨੇ ਵਾਰਨਰ ਨੂੰ ਸਲਿਪ ‘ਚ ਕੋਹਲੀ ਹੱਥੋਂ ਕੈਚ ਆਊਟ ਕਰਵਾਇਆ।
ਖ਼ਤਰਨਾਕ ਰਵੱਈਏ ਨਾਲ ਖੇਡ ਰਹੇ ਮਾਰਸ਼ ਨੂੰ ਵੀ ਬੁਮਰਾਹ ਨੇ ਰਾਹੁਲ ਹੱਥੋਂ ਵਿਕਟਾਂ ਪਿੱਛੇ ਕੈਚ ਆਊਟ ਕਰਵਾ ਕੇ ਆਸਟ੍ਰੇਲੀਆ ਦੀ ਟੀਮ ਨੂੰ ਦੂਜਾ ਝਟਕਾ ਦਿੱਤਾ। ਮਾਰਸ਼ 15 ਗੇਂਦਾਂ ‘ਚ 15 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਸਟੀਵ ਸਮਿਥ ਵੀ ਜ਼ਿਆਦਾ ਕੁਝ ਨਹੀਂ ਕਰ ਸਕਿਆ ਤੇ 4 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ‘ਤੇ ਐੱਲ.ਬੀ. ਡਬਲਯੂ. ਆਊਟ ਹੋ ਗਿਆ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਤਰੀਕੇ ਨਾਲ ਖੇਡਦਿਆਂ ਸੈਂਕੜਾ ਪੂਰਾ ਕੀਤਾ। ਲਾਬੂਸ਼ੇਨ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਵੀ ਹੋ ਗਈ। ਟ੍ਰੈਵਿਸ ਹੈੱਡ 120 ਗੇਂਦਾਂ ‘ਚ ਸ਼ਾਨਦਾਰ 137 ਦੌੜਾਂ ਬਣਾ ਕੇ ਆਊਟ ਹੋਇਆ। ਪਰ ਆਊਟ ਹੋਣ ਤੋਂ ਪਹਿਲਾਂ ਉਹ ਆਪਣੀ ਟੀਮ ਦੀ ਜਿੱਤ ਤੈਅ ਕਰ ਚੁੱਕਾ ਸੀ। ਉਸ ਤੋਂ ਬਾਅਦ ਮਾਰਨਸ ਲਾਬੂਸ਼ੇਨ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਆਸਟ੍ਰੇਲੀਆ ਨੇ ਭਾਰਤ ਵੱਲੋਂ ਦਿੱਤਾ ਗਿਆ 241 ਦੌੜਾਂ ਦਾ ਟੀਚਾ ਸਿਰਫ਼ 43 ਓਵਰਾਂ ‘ਚ ਹੀ ਪੂਰਾ ਕਰ ਲਿਆ। ਆਸਟ੍ਰੇਲੀਆ ਵੱਲੋਂ ਆਖ਼ਰੀ ਦੌੜਾਂ ਗਲੈੱਨ ਮੈਕਸਵੈੱਲ ਦੇ ਬੱਲੇ ਤੋਂ ਆਈਆਂ। ਉਸ ਨੇ ਆਪਣੀ ਪਹਿਲੀ ਹੀ ਗੇਂਦ ‘ਤੇ 2 ਦੌੜਾਂ ਲੈ ਕੇ ਆਸਟ੍ਰੇਲੀਆ ਨੂੰ ਜਿੱਤ ਦਿਵਾ ਦਿੱਤੀ।
The post CWC 23 ਫਾਈਨਲ: ਆਸਟ੍ਰੇਲੀਆ ਛੇਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ, ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ appeared first on Time Tv.