ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ (Sitaram Yechury) ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਬੀਤੀ ਸ਼ਾਮ ਨੂੰ ਏਮਜ਼ ਦੇ ਐਮਰਜੈਂਸੀ ਵਿਭਾਗ ਦੇ ਰੈੱਡ ਜ਼ੋਨ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਆਈ.ਸੀ.ਯੂ ਵਿੱਚ ਭੇਜ ਦਿੱਤਾ ਗਿਆ। ਉਹ ਫੇਫੜਿਆਂ ਦੀ ਇਨਫੈਕਸ਼ਨ ਤੋਂ ਪੀੜਤ ਹਨ। ਹਾਲਾਂਕਿ, ਏਮਜ਼ ਮੀਡੀਆ ਸੈੱਲ ਦੁਆਰਾ ਉਨ੍ਹਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਸੀਤਾਰਾਮ ਯੇਚੁਰੀ ਭਾਰਤੀ ਰਾਜਨੀਤੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਹਨ। ਰਾਜ ਸਭਾ ਮੈਂਬਰ ਹੁੰਦੇ ਹੋਏ, ਯੇਚੁਰੀ ਨੂੰ 2016 ਵਿੱਚ ਸਰਵੋਤਮ ਸੰਸਦ ਮੈਂਬਰ ਦਾ ਪੁਰਸਕਾਰ ਮਿਲਿਆ ਸੀ। ਸੀਤਾਰਾਮ ਯੇਚੁਰੀ ਇੱਕ ਤਾਮਿਲ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੇ ਹਨ। ਯੇਚੁਰੀ 1974 ਵਿੱਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਵਿੱਚ ਸ਼ਾਮਲ ਹੋਏ। ਇੱਕ ਸਾਲ ਬਾਅਦ, ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਮੈਂਬਰ ਬਣ ਗਏ।

ਤੁਹਾਨੂੰ ਦੱਸ ਦੇਈਏ ਕਿ 2005 ਵਿੱਚ ਉਹ ਪਹਿਲੀ ਵਾਰ ਪੱਛਮੀ ਬੰਗਾਲ ਤੋਂ ਰਾਜ ਸਭਾ ਦੇ ਮੈਂਬਰ ਬਣੇ। ਉਹ 18 ਅਗਸਤ 2017 ਤੱਕ ਰਾਜ ਸਭਾ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਨੇ ਲੋਕ ਹਿੱਤ ਦੇ ਕਈ ਮੁੱਦੇ ਸੰਸਦ ਵਿੱਚ ਉਠਾਏ। ਸੀਤਾਰਾਮ ਯੇਚੁਰੀ ਇੱਕ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਸਮਾਜ ਸੇਵਕ, ਅਰਥ ਸ਼ਾਸਤਰੀ, ਪੱਤਰਕਾਰ ਅਤੇ ਲੇਖਕ ਵੀ ਹਨ। ਸਿਆਸੀ ਦਸਤਾਵੇਜ਼ ਤਿਆਰ ਕਰਨ ਵਿੱਚ ਉਨ੍ਹਾਂ ਦੀ ਰਾਏ ਅਹਿਮ ਮੰਨੀ ਜਾਂਦੀ ਹੈ। ਉਹ ਲੰਬੇ ਸਮੇਂ ਤੋਂ ਕਈ ਅਖਬਾਰਾਂ ਵਿੱਚ ਕਾਲਮ ਲਿਖ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਇਸ ਵਿੱਚ ‘ਇਹ ਹਿੰਦੂ ਰਾਸ਼ਟਰ ਕੀ ਹੈ’, ‘ਨਫ਼ਰਤ ਦੀ ਰਾਜਨੀਤੀ’, ‘21ਵੀਂ ਸਦੀ ਦਾ ਸਮਾਜਵਾਦ’ ਵਰਗੀਆਂ ਪੁਸਤਕਾਂ ਮਹੱਤਵਪੂਰਨ ਹਨ।

Leave a Reply