ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਆਪਣੇ ਜੱਦੀ ਪਿੰਡ ਸਤੌਜ ਪੁੱਜੇ। ਸਿਹਤਯਾਬ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੌਜ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਦਿਆਂ ਪਿੰਡ ਸਤੌਜ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕਰਵਾਉਣ ਸਬੰਧੀ ਪਿੰਡ ਵਾਸੀਆਂ ਨੂੰ ਵੱਡੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਹੈ ਕਿ ਜੇਕਰ ਪਿੰਡ ਦੇ ਲੋਕ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰ ਲੈਣ ਤਾਂ ਪਿੰਡ ਵਾਸੀਆਂ ਨੂੰ ਇਸ ਦਾ ਕਾਫੀ ਫਾਇਦਾ ਹੋ ਸਕਦਾ ਹੈ। ਸਰਬਸੰਮਤੀ ਨਾਲ ਉਸ ਵਿਅਕਤੀ ਨੂੰ ਸਰਪੰਚ ਬਣਾਇਆ ਜਾਵੇ ਜੋ ਪਿੰਡ ਦੇ ਲੋਕਾਂ ਲਈ ਕੰਮ ਕਰੇਗਾ ਅਤੇ ਪਿੰਡ ਦੇ ਵਿਕਾਸ ਬਾਰੇ ਸੋਚੇਗਾ। ਇਸ ਦੌਰਾਨ ਸੀ.ਐਮ ਮਾਨ ਨੇ ਆਮ ਆਦਮੀ ਵਾਂਗ ਬੈੱਡ ‘ਤੇ ਬੈਠ ਕੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਚੰਗੇ ਪੰਚ-ਸਰਪੰਚ ਦੀ ਚੋਣ ਕੀਤੀ ਜਾਵੇ।
ਇਸ ਦੌਰਾਨ ਸੀ.ਐਮ ਮਾਨ ਨੇ ਪਿੰਡ ਵਾਸੀਆਂ ਨੂੰ ਆਪਸੀ ਭਾਈਚਾਰਾ ਪੈਦਾ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ 200 ਤੋਂ ਵੱਧ ਪਿੰਡਾਂ ਦੇ ਨਾਮ ਮਿਲੇ ਹਨ, ਜਿੱਥੇ ਸਰਬਸੰਮਤੀ ਨਾਲ ਪੰਚ-ਸਰਪੰਚ ਚੁਣੇ ਗਏ ਹਨ। ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋਂ 5-5 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ ਪਿੰਡ ਵਾਸੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਗੱਲਬਾਤ ਕੀਤੀ।