ਚੰਡੀਗੜ੍ਹ : ਰੇਵਾੜੀ ਦੇ ਧਾਰੂਹੇੜਾ ਵਿਖੇ ਲਾਈਫ ਲੌਂਗ ਕੰਪਨੀ ਵਿੱਚ ਹੋਏ ਹਾਦਸੇ ਦੌਰਾਨ ਜ਼ਖਮੀ ਹੋਏ ਮਜ਼ਦੂਰਾਂ ਦਾ ਹਾਲ-ਚਾਲ ਜਾਣਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਬੀਤੇ ਦਿਨ ਪੀ.ਜੀ.ਆਈ ਰੋਹਤਕ (PGI Rohtak) ਦਾ ਦੌਰਾ ਕੀਤਾ ਅਤੇ ਉੱਥੇ ਇਲਾਜ ਦੌਰਾਨ ਮਰੀਜਾਂ ਦਾ ਹਾਲਚਾਲ ਜਾਣਨ ਦੇ ਨਾਲ-ਨਾਲ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਸੈਣੀ ਨੇ ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਾਰੇ ਜ਼ਖਮੀਆਂ ਦਾ ਸਹੀ ਢੰਗ ਨਾਲ ਇਲਾਜ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਲਾਈਫ ਲੌਂਗ ਕੰਪਨੀ ਦੀ ਲਾਪ੍ਰਵਾਹੀ ਦੇ ਮੱਦੇਨਜ਼ਰ ਉਨ੍ਹਾਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਸ.ਡੀ.ਐਮ.ਰਿਵਾੜੀ ਦੀ ਪ੍ਰਧਾਨਗੀ ਹੇਠ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ ਅਤੇ ਐਸ.ਡੀ.ਐਮ ਨੂੰ ਨਿਰਧਾਰਿਤ ਸਮੇਂ ਅੰਦਰ ਜਾਂਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਲੇਬਰ ਵੈਲਫੇਅਰ ਬੋਰਡ ਵੱਲੋਂ ਦਿੱਤੀ ਜਾਵੇਗੀ ਵਿੱਤੀ ਸਹਾਇਤਾ
ਇਸ ਦਰਦਨਾਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਲੇਬਰ ਵੈਲਫੇਅਰ ਬੋਰਡ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਵੇਗਾ। ਇਸੇ ਤਰ੍ਹਾਂ 50 ਫੀਸਦੀ ਤੱਕ ਝੁਲਸਣ ਵਾਲੇ ਮਜ਼ਦੂਰਾਂ ਦੇ ਇਲਾਜ ਲਈ 50,000 ਰੁਪਏ, 50 ਤੋਂ 75 ਫੀਸਦੀ ਸੜਨ ਵਾਲੇ ਮਜ਼ਦੂਰਾਂ ਨੂੰ 1 ਲੱਖ ਰੁਪਏ ਅਤੇ 75 ਫੀਸਦੀ ਤੋਂ ਵੱਧ ਸੜਨ ਵਾਲੇ ਮਜ਼ਦੂਰਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਵਰਣਨਯੋਗ ਹੈ ਕਿ ਹਾਲ ਹੀ ਵਿਚ ਰੇਵਾੜੀ ਦੇ ਧਾਰੂਹੇੜਾ ਸਥਿਤ ਲਾਈਫ ਲੌਂਗ ਕੰਪਨੀ ਦੇ ਬਾਇਲਰ ਦੇ ਡਸਟ ਕੁਲੈਕਟਰ ਵਿਚ ਧਮਾਕਾ ਹੋਣ ਕਾਰਨ ਦਰਜਨਾਂ ਕਰਮਚਾਰੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦਾ ਪੀਜੀਆਈ ਰੋਹਤਕ ਵਿਚ ਇਲਾਜ ਚੱਲ ਰਿਹਾ ਹੈ।