ਚੰਡੀਗੜ੍ਹ: ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ (The Lok Sabha and Vidhan Sabha elections) ਤੋਂ ਪਹਿਲਾਂ ਹਰਿਆਣਾ ਵਿੱਚ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਹੈ, ਜਿੱਥੇ ਮਨੋਹਰ ਲਾਲ (Manohar Lal) ਸਮੇਤ ਪੂਰੀ ਕੈਬਨਿਟ ਨੇ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਨਾਇਬ ਸੈਣੀ ਨੂੰ ਹਰਿਆਣਾ ਦਾ ਨਵਾਂ ਸੀਐਮ ਬਣਾਇਆ ਗਿਆ। ਉਨ੍ਹਾਂ ਨੇ ਪੰਜ ਮੰਤਰੀਆਂ ਸਮੇਤ ਸਹੁੰ ਚੁੱਕੀ ਸੀ। ਜਿਸ ਦੇ ਇਕ ਹਫ਼ਤੇ ਬਾਅਦ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ। ਜੇਜੇਪੀ ਨਾਲ ਗਠਜੋੜ ਤੋੜਨ ਤੋਂ ਬਾਅਦ ਭਾਜਪਾ ਨੇ ਆਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਸਰਕਾਰ ਬਣਾਈ ਹੈ। ਸਰਕਾਰ ਨੂੰ ਬਚਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ 5 ਆਜ਼ਾਦ ਵਿਧਾਇਕਾਂ ਨੂੰ ਬੀਤੇ ਦਿਨ ਨਾਇਬ ਸੈਣੀ ਨੇ ਆਪਣੀ ਕੈਬਨਿਟ ‘ਚ ਜਗ੍ਹਾ ਨਹੀਂ ਦਿੱਤੀ। ਇਸ ਦੇ ਤਿੰਨ ਵੱਡੇ ਕਾਰਨ ਸਾਹਮਣੇ ਆਏ ਹਨ।
- ਹਰਿਆਣਾ ਵਿੱਚ ਸਰਕਾਰ ਨੂੰ ਬਚਾਉਣ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਸਰਕਾਰ ਵਿੱਚ ਸ਼ਾਮਲ ਆਜ਼ਾਦ ਵਿਧਾਇਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਦੇਣ ਦਾ ਭਰੋਸਾ ਦਿੱਤਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸਭਾ ਤੋਂ ਤੁਰੰਤ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
- ਦੂਜਾ ਸਭ ਤੋਂ ਵੱਡਾ ਕਾਰਨ ਆਜ਼ਾਦ ਵਿਧਾਇਕਾਂ ਦੀ ਆਪਸੀ ਫੁਟ ਵੀ ਰਹੀ। ਮੰਤਰੀ ਅਹੁਦੇ ਲਈ ਆਜ਼ਾਦ ਵਿਧਾਇਕ ਆਪਸ ਵਿੱਚ ਸਹਿਮਤੀ ਨਹੀਂ ਬਣਾ ਸਕੇ, ਜਿਸ ਦਾ ਭਾਜਪਾ ਨੇ ਫਾਇਦਾ ਉਠਾਇਆ।
- ਤੀਸਰੀ ਗੱਲ ਇਹ ਹੈ ਕਿ ਸਰਕਾਰ ਵਿੱਚ ਜਗ੍ਹਾ ਲੈਣ ਦੇ ਕੁਝ ਆਜ਼ਾਦ ਉਮੀਦਵਾਰ ਇੱਛੁਕ ਨਹੀਂ ਸਨ ਕਿਉਂਕਿ ਨਾਇਬ ਸਰਕਾਰ ਦੇ ਕਾਰਜਕਾਲ ਵਿੱਚ ਸਿਰਫ਼ 6 ਮਹੀਨੇ ਬਾਕੀ ਹਨ। ਫਿਲਹਾਲ ਲੋਕ ਸਭਾ ਚੋਣਾਂ ਕਾਰਨ 3 ਮਹੀਨੇ ਦਾ ਸਮਾਂ ਚੋਣ ਜ਼ਾਬਤੇ ‘ਚ ਲੰਘਣਾ ਹੈ। ਇਸ ਤੋਂ ਬਾਅਦ ਜੂਨ, ਜੁਲਾਈ ਅਤੇ ਅਗਸਤ ਵਿੱਚ ਹੀ ਸਰਕਾਰ ਕੰਮ ਕਰ ਸਕੇਗੀ।ਇਸ ਤੋਂ ਬਾਅਦ ਸਤੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿਧਾਨ ਸਭਾ ਲਈ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਸਿਰਫ਼ 3 ਮਹੀਨਿਆਂ ਲਈ ਕੁਝ ਆਜ਼ਾਦ ਉਮੀਦਵਾਰ ਸਰਕਾਰ ਵਿੱਚ ਸ਼ਾਮਲ ਨਹੀਂ ਹੋਏ।
ਇਨ੍ਹਾਂ 6 ਆਜ਼ਾਦ ਵਿਧਾਇਕਾਂ ਨੇ ਬਚਾਈ ਭਾਜਪਾ ਦੀ ਸਰਕਾਰ
ਹਰਿਆਣਾ ਵਿੱਚ ਭਾਜਪਾ ਸਰਕਾਰ ਨੂੰ ਬਚਾਉਣ ਵਿੱਚ ਛੇ ਆਜ਼ਾਦ ਵਿਧਾਇਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਪ੍ਰਿਥਲਾ ਤੋਂ ਵਿਧਾਇਕ ਨਯਨ ਪਾਲ ਰਾਵਤ, ਨੀਲੋਖੇੜੀ ਤੋਂ ਵਿਧਾਇਕ ਧਰਮਪਾਲ ਗੌਂਡਰ, ਪੁੰਡਰੀ ਵਿਧਾਨ ਸਭਾ ਤੋਂ ਰਣਧੀਰ ਸਿੰਘ ਗੋਲਨ, ਬਾਦਸ਼ਾਹਪੁਰ ਤੋਂ ਵਿਧਾਇਕ ਰਾਕੇਸ਼ ਦੌਲਤਾਬਾਦ ਅਤੇ ਦਾਦਰੀ ਤੋਂ ਸੋਮਬੀਰ ਸਾਂਗਵਾਨ, ਰਾਣੀਆ ਤੋਂ ਰਣਜੀਤ ਸਿੰਘ ਚੌਟਾਲਾ ਸ਼ਾਮਲ ਹਨ। ਇਸ ਤੋਂ ਇਲਾਵਾ ਹਲਕਾ ਵਿਧਾਇਕ ਗੋਪਾਲ ਕਾਂਡਾ ਦਾ ਨਾਂ ਵੀ ਸ਼ਾਮਲ ਹੈ।