ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਇੱਕ ਸਤਿਸੰਗ ਦੌਰਾਨ ਭਗਦੜ ਮਚਣ ਦੀ ਘਟਨਾ ਤੋਂ ਇੱਕ ਦਿਨ ਬਾਅਦ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath) ਇੱਥੇ ਪੁੱਜੇ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਹਾਥਰਸ ਦੇ ਸਿਕੰਦਰਰਾਊ ਇਲਾਕੇ ‘ਚ ਬੀਤੇ ਦਿਨ ਇਕ ਸਤਿਸੰਗ ਦੌਰਾਨ ਮਚੀ ਭਗਦੜ ‘ਚ 122 ਲੋਕਾਂ ਦੀ ਮੌਤ ਹੋ ਗਈ ਸੀ।
ਸੀ.ਐਮ ਯੋਗੀ ਆਦਿਤਿਆਨਾਥ ਪਹੁੰਚੇ ਹਾਥਰਸ , ਜ਼ਖਮੀਆਂ ਦਾ ਪੁੱਛਿਆ ਹਾਲ ਚਾਲ
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ‘ਸਰਕਟ ਹਾਊਸ’ ‘ਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਖਮੀਆਂ ਨੂੰ ਮਿਲਣ ਲਈ ਜ਼ਿਲਾ ਹਸਪਤਾਲ ਪਹੁੰਚੇ। ਸਰਕਾਰ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਲਈ ਆਗਰਾ ਜ਼ੋਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ‘ਤੇ ਆਧਾਰਿਤ ਇੱਕ ਟੀਮ ਦਾ ਗਠਨ ਕੀਤਾ ਹੈ, ਜੋ ਬੁੱਧਵਾਰ ਨੂੰ ਹੀ ਆਪਣੀ ਰਿਪੋਰਟ ਸੌਂਪ ਸਕਦੀ ਹੈ। ਬੀਤੇ ਦਿਨ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਾਡੀ ਸਰਕਾਰ ਇਸ ਘਟਨਾ ਦੀ ਤਹਿ ਤੱਕ ਪਹੁੰਚੇਗੀ ਅਤੇ ਸਾਜ਼ਿਸ਼ ਰਚਣ ਵਾਲਿਆਂ ਅਤੇ ਜ਼ਿੰਮੇਵਾਰਾਂ ਨੂੰ ਢੁਕਵੀਂ ਸਜ਼ਾ ਦੇਵੇਗੀ।
ਰਾਜ ਸਰਕਾਰ ਇਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ: ਸੀ.ਐਮ ਯੋਗੀ ਆਦਿਤਿਆਨਾਥ
ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਇਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਅਸੀਂ ਦੇਖਾਂਗੇ ਕਿ ਇਹ ਹਾਦਸਾ ਹੈ ਜਾਂ ਸਾਜ਼ਿਸ਼। ਉਨ੍ਹਾਂ ਇਸ ਦੁਖਦਾਈ ਘਟਨਾ ‘ਤੇ ਰਾਜਨੀਤੀ ਕਰ ਰਹੀਆਂ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੀ ਘਟਨਾ ‘ਤੇ ਰਾਜਨੀਤੀ ਕਰਨਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ । ਇਹ ਸਮਾਂ ਪੀੜਤਾਂ ਦੇ ਜ਼ਖ਼ਮਾਂ ਨੂੰ ਭਰਨ ਅਤੇ ਪੀੜਤਾਂ ਨਾਲ ਹਮਦਰਦੀ ਕਰਨ ਦਾ ਹੈ। ਸਰਕਾਰ ਇਸ ਮਾਮਲੇ ਵਿੱਚ ਸੰਵੇਦਨਸ਼ੀਲ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਹਥਰਸ ਜ਼ਿਲੇ ਦੇ ਫੁੱਲਰਾਈ ਪਿੰਡ ‘ਚ ਬੀਤੇ ਦਿਨ ‘ਪ੍ਰਸਿੱਧ ‘ਭੋਲੇ ਬਾਬਾ’ ਦੇ ਸਤਿਸੰਗ ‘ਚ ਲੱਖਾਂ ਸ਼ਰਧਾਲੂ ਪਹੁੰਚੇ ਸਨ, ਜਿੱਥੇ ਭਗਦੜ ‘ਚ 122 ਲੋਕਾਂ ਦੀ ਮੌਤ ਹੋ ਗਈ ਸੀ।