CM ਮਾਨ ਨੇ ਅਗਨੀਵੀਰ ਜਵਾਨ ਅਜੈ ਸਿੰਘ ਦੇ ਪਰਿਵਾਰ ਨੂੰ ਸੌਂਪਿਆ ਚੈੱਕ, ਕੀਤਾ ਇਹ ਐਲਾਨ
By admin / January 25, 2024 / No Comments / Punjabi News
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਅਗਨੀਵੀਰ ਜਵਾਨ ਅਜੈ ਸਿੰਘ ਦੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਦਿਆਂ ਕਿਹਾ ਕਿ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਅਜੈ ਦੇ ਨਾਂ ’ਤੇ ਰੱਖਿਆ ਜਾਵੇਗਾ। ਇੰਨਾ ਹੀ ਨਹੀਂ ਪਿੰਡ ‘ਚ ਸ਼ਹੀਦ ਦੇ ਨਾਂ ‘ਤੇ ਸਟੇਡੀਅਮ ਵੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸੀਐਮ ਮਾਨ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਸੀ.ਐਮ ਮਾਨ ਨੇ ਕਿਹਾ ਕਿ ਸ਼ਹਾਦਤ ਦੀ ਕੋਈ ਸ਼੍ਰੇਣੀ ਨਹੀਂ ਹੋਣੀ ਚਾਹੀਦੀ, ਸ਼ਹੀਦ- ਸ਼ਹੀਦ ਹੀ ਹੁੰਦਾ ਹੈ। ਇਸ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਦੁੱਖ ਦੀ ਹਰ ਘੜੀ ਵਿੱਚ ਪਰਿਵਾਰ ਨਾਲ ਖੜੀ ਹੈ। ਤੁਹਾਨੂੰ ਦੱਸ ਦੇਈਏ ਕਿ 6 ਭੈਣਾਂ ਦਾ ਇਕਲੌਤਾ ਭਰਾ ਅਜੈ ਸਿੰਘ ਜਨਵਰੀ 2023 ਵਿੱਚ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਅਗਨੀਵੀਰ ਯੋਜਨਾ ਦੀ ਪਹਿਲੀ ਭਰਤੀ ਦੌਰਾਨ ਦੇਸ਼ ਦੀ ਸੇਵਾ ਕਰਨ ਲਈ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਹਾਲ ਹੀ ‘ਚ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸਰਹੱਦ ‘ਤੇ ਬਾਰੂਦੀ ਸੁਰੰਗ ਦੇ ਧਮਾਕੇ ਕਾਰਨ ਉਹ ਸ਼ਹੀਦ ਹੋ ਗਏ ਸਨ। ਜ਼ਿਕਰਯੋਗ ਹੈ ਕਿ ਉਹ 6 ਮਹੀਨੇ ਪਹਿਲਾਂ ਆਪਣੀ ਪਹਿਲੀ ਛੁੱਟੀ ‘ਤੇ ਘਰ ਆਇਆ ਸੀ।