ਪੰਜਾਬ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਅੱਜ ਪੰਜਾਬ ਪਹੁੰਚ ਗਈ ਹੈ। ਇਸ ਦੌਰਾਨ ਉਹ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann)ਦੇ ਹਲਕੇ ਸੰਗਰੂਰ ਦੇ ਧੂਰੀ ਵਿਖੇ ਪੁੱਜੇ, ਜਿੱਥੇ ਉਨ੍ਹਾਂ ਪ੍ਰਸਿੱਧ ਸਮਾਜ ਸੇਵਕ ਸੁਰਿੰਦਰ ਸਿੰਘ ਨਿੱਝਰ ਵੱਲੋਂ ਲਗਾਏ ਗਏ ਅੱਖਾਂ ਦਾਨ ਕੈਂਪ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਨਾ ਵੀ ਮੌਜੂਦ ਸੀ। ਇਸ ਦੌਰਾਨ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਹਿਮਾਂਸ਼ੀ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਿਲਪਾ ਸ਼ੈੱਟੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਅਤੇ ਹਿਮਾਂਸ਼ੀ ਖੁਰਾਨਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਵੀ ਮੌਜੂਦ ਸੀ। ਇਸ ਮੌਕੇ ਸ਼ਿਲਪਾ ਸ਼ੈੱਟੀ ਨੇ ਪੰਜਾਬੀ ਵਿੱਚ ਗੱਲ ਕੀਤੀ। ਉਨ੍ਹਾਂ ਨੇ ਪੰਜਾਬੀ ਵਿੱਚ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਨੂੰਹ ਹੈ। ਸਟੇਜ ਦੌਰਾਨ ਜਦੋਂ ਉਨ੍ਹਾਂ ਦਾ ਮਹਿਮਾਨ ਵਜੋਂ ਸਵਾਗਤ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮਹਿਮਾਨ ਨਹੀਂ ਹਨ। ਉਹ ਆਪਣੇ ਸਹੁਰੇ ਘਰ ਆਈ ਹੈ। ਸਟੇਜ ‘ਤੇ ਪੰਜਾਬੀ ‘ਚ ਬੋਲਦਿਆਂ ਸ਼ਿਲਪਾ ਸ਼ੈੱਟੀ ਨੇ ਕਿਹਾ, ‘ਇਹ ਕੰਮ ਜੋ ਤੁਸੀ ਕਰ ਰਹੇ ਹੋ, ਚੰਗਾ ਕਰ ਰਹੇ ਹੋ।’

ਇਸ ਦੌਰਾਨ ਮੁੱਖ ਮੰਤਰੀ ਸੀ.ਐਮ. ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ, ਇਹ ਇੱਕ ਚੰਗਾ ਉਪਰਾਲਾ ਹੈ। ਇਸ ਕੈਂਪ ਵਿੱਚ ਜੇਕਰ ਲੋਕਾਂ ਨੂੰ ਅੱਖਾਂ ਦੀ ਕੋਈ ਸਮੱਸਿਆ, ਮੋਤੀਆਬਿੰਦ ਆਦਿ ਹੈ ਤਾਂ ਉਨ੍ਹਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਂਦੇ ਹਨ। ਸ਼ਿਲਪਾ ਸ਼ੈੱਟੀ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ ਅਤੇ ਲੰਬੇ ਸਮੇਂ ਤੋਂ ਬਾਲੀਵੁੱਡ ਵਿੱਚ ਸਰਗਰਮ ਹੈ। ਉਨ੍ਹਾਂ ਦੀਆਂ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਧੜਕਨ’, ‘ਬਾਜ਼ੀਗਰ’, ‘ਹੰਗਾਮਾ-2’ ਸਮੇਤ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ। ਹਿਮਾਂਸ਼ੀ ਖੁਰਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਤੌਰ ‘ਤੇ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਪੈਰ ਧਰਿਆ ਅਤੇ ਕਈ ਫਿਲਮਾਂ ਵਿੱਚ ਕੰਮ ਕੀਤਾ। ਜਲਦੀ ਹੀ ਉਹ ਇੱਕ ਨਵੇਂ ਪ੍ਰੋਜੈਕਟ ਵਿੱਚ ਵੀ ਨਜ਼ਰ ਆਵੇਗੀ।

Leave a Reply