ਡੇਰਾਬੱਸੀ: ਪੰਜਾਬ ‘ਚ ਅੱਜ ਤੋਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ (‘Aap di Sarkar, Aap de Duar’) ਦੀ ਸ਼ੁਰੂਆਤ ਹੋ ਗਈ ਹੈ। ਇਸ ਤਹਿਤ ਹੁਣ ਲੋਕਾਂ ਦੇ ਕੰਮ ਪਿੰਡ ਵਿੱਚ ਹੀ ਕੀਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਡੇਰਾਬੱਸੀ ਪੁੱਜੇ, ਜਿਸ ਦੌਰਾਨ ਉਨ੍ਹਾਂ ਪਿੰਡ ਭਾਂਖਰਪੁਰ ਪਹੁੰਚ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਸੀ.ਐਮ ਮਾਨ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਚਲਾਈ ਜਾ ਰਹੀ ਹੈ। ਪਿੰਡ-ਪਿੰਡ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ ਤਾਂ ਹੁਣ ਸਰਕਾਰ ਵੀ ਹਰ ਪਿੰਡ ਵਿੱਚ ਆ ਕੇ ਕੰਮ ਕਰੇਗੀ।

ਸੀ.ਐਮ ਮਾਨ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਕੰਮਾਂ ਲਈ ਦਫ਼ਤਰਾਂ ਦੇ ਕਈ ਚੱਕਰ ਲਗਾਉਣੇ ਪੈਂਦੇ ਹਨ ਪਰ ਉਨ੍ਹਾਂ ਦੇ ਕੰਮ ਨਹੀਂ ਹੁੰਦੇ। ਅੱਜ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਆਪਣੇ ਕੰਮਾਂ ਲਈ ਦਫ਼ਤਰਾਂ ਵਿੱਚ ਨਹੀਂ ਜਾਣਾ ਪਵੇਗਾ। ਪਿੰਡ ਵਿੱਚ ਅੱਜ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ 5 ਸਾਂਝ ਕੇਂਦਰ ਸੇਵਾਵਾਂ, 5 ਆਯੂਸ਼ਮਾਨ ਕਾਰਡ, 5 ਐਸ.ਸੀ ਸਰਟੀਫਿਕੇਟ, 10 ਮਨਰੇਗਾ ਕਾਰਡ, 10 ਬੁਢਾਪਾ ਪੈਨਸ਼ਨ ਅਤੇ ਹੋਰ ਪੈਨਸ਼ਨਾਂ ਤੋਂ ਇਲਾਵਾ ਹੋਰ ਵੀ ਕਈ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਤੁਹਾਨੂੰ ਘਰ ਬੈਠੇ ਹੀ 43 ਸਹੂਲਤਾਂ ਮਿਲਣਗੀਆਂ। ਸਬ ਡਵੀਜ਼ਨਾਂ ਵਿੱਚ ਰੋਜ਼ਾਨਾ ਕੈਂਪ ਲਗਾਏ ਜਾਣਗੇ ਜਿਨ੍ਹਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। 1076 ਨੰਬਰ ‘ਤੇ ਇੱਕ ਕਾਲ ਕਰਨ ਨਾਲ ਸਮੱਸਿਆ ਹੱਲ ਹੋ ਜਾਵੇਗੀ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਜੁੜੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਜਾਵੇਗਾ। ਸੀ.ਐਮ ਮਾਨ ਨੇ ਕਿਹਾ ਕਿ ਪਹਿਲਾਂ ਸਰਕਾਰੀ ਦਫ਼ਤਰਾਂ ਦੇ ਬਾਬੂ ਕੁਰਸੀਆਂ ‘ਤੇ ਬੈਠ ਕੇ ਏਸੀ ਦੀ ਹਵਾ ਲੈਂਦੇ ਸਨ ਅਤੇ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ ਜਾਂਦਾ ਸੀ, ਪਰ ਹੁਣ ਸਰਕਾਰੀ ਅਧਿਕਾਰੀ ਪਿੰਡਾਂ ‘ਚ ਦਰੱਖਤਾਂ ਹੇਠਾਂ ਬੈਠ ਕੇ ਲੋਕਾਂ ਦੇ ਕੰਮ ਕਰਨਗੇ।

ਫਾਇਰ ਬ੍ਰਿਗੇਡ ‘ਚ ਕੀਤੀ ਜਾਵੇਗੀ ਲੜਕੀਆਂ ਦੀ ਭਰਤੀ 
ਇਸ ਦੌਰਾਨ ਸੀ.ਐਮ ਮਾਨ ਨੇ ਲੜਕੀਆਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ ਵਿੱਚ ਵੀ ਲੜਕੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਟੈਸਟ ‘ਚ 60 ਕਿਲੋਗ੍ਰਾਮ ਭਾਰ ਚੁੱਕਣ ਦਾ ਨਿਯਮ ਬਦਲਿਆ ਜਾਵੇਗਾ। ਲੋਕਾਂ ਦੀ ਮਦਦ ਲਈ ਲੜਕਿਆਂ ਦੇ ਨਾਲ ਲੜਕੀਆਂ ਵੀ ਫਾਇਰ ਬ੍ਰਿਗੇਡ ਵਿੱਚ ਬੈਠਣਗੀਆਂ।

Leave a Reply