ਰਾਜਸਥਾਨ: ਰਾਜਸਥਾਨ ਦੇ ਜੈਪੁਰ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਲਈ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (Central Industrial Security Force),(ਸੀ.ਆਈ.ਐਸ.ਐਫ.) ਦੇ ਜਵਾਨ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਇੱਕ ਏਅਰਲਾਈਨ ਦੀ ਇੱਕ ਮਹਿਲਾ ਕਰੂ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਡਿਪਟੀ ਕਮਿਸ਼ਨਰ (ਪੂਰਬੀ) ਕਵੇਂਦਰ ਸਿੰਘ ਸਾਗਰ ਨੇ ਦੱਸਿਆ ਕਿ ਇਹ ਘਟਨਾ ਅੱਜ (ਵੀਰਵਾਰ) ਸਵੇਰੇ ਜੈਪੁਰ ਹਵਾਈ ਅੱਡੇ ‘ਤੇ ਵਾਪਰੀ ਜਦੋਂ ਸਹਾਇਕ ਸਬ-ਇੰਸਪੈਕਟਰ ਨੇ ਮਹਿਲਾ ਅਮਲੇ ਨੂੰ ਬਿਨਾਂ ਸੁਰੱਖਿਆ ਜਾਂਚ ਦੇ ਅੰਦਰ ਜਾਣ ਤੋਂ ਰੋਕ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਜਾਂਚ ਲਈ ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਮਹਿਲਾ ਅਤੇ ਸੀ.ਆਈ.ਐਸ.ਐਫ. ਦੇ ਜਵਾਨਾਂ ਵਿਚਾਲੇ ਬਹਿਸ ਹੋ ਗਈ ਅਤੇ ਔਰਤ ਨੇ ਜਵਾਨ ਨੂੰ ਥੱਪੜ ਮਾਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸਵੇਰੇ ਹਵਾਈ ਅੱਡੇ ‘ਤੇ ਕੋਈ ਮਹਿਲਾ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਇਕ ਪੁਰਸ਼ ਕਰਮਚਾਰੀ ਨੂੰ ਜਾਂਚ ਲਈ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੀ.ਆਈ.ਐਸ.ਐਫ. ਮੁਲਾਜ਼ਮਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਔਰਤ ਅਨੁਰਾਧਾ ਰਾਣੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਅਨੁਰਾਧਾ ‘ਸਪਾਈਸਜੈੱਟ’ ਦੀ ਕਰੂ ਮੈਂਬਰ ਹੈ ਅਤੇ ਉਸ ਨੇ ਸੁਰੱਖਿਆ ਜਾਂਚ ਤੋਂ ਬਿਨਾਂ ਗੱਡੀ ਦੇ ਗੇਟ ਰਾਹੀਂ ਹਵਾਈ ਅੱਡੇ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ।