CIA ਸਟਾਫ਼ ਨੇ 300 ਚੀਨੀ ਡੋਰ ਦੇ ਗੱਟੂਆਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
By admin / January 28, 2024 / No Comments / Punjabi News
ਫ਼ਿਰੋਜ਼ਪੁਰ : ਪੰਜਾਬ ਸਰਕਾਰ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਚਾਈਨੀਜ਼ ਡੋਰ ਵੇਚਣ, ਸਟੋਰ ਕਰਨ ਅਤੇ ਵਰਤਣ ‘ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਵੇਚਣ ਦੇ ਲਈ ਚਾਈਨੀਜ਼ ਡੋਰ ਦੇ ਗੱਟੂ ਸਟੋਰ ਕਰਨ ਦੇ ਦੋਸ਼ ‘ਚ ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ (CIA Staff Ferozepur) ਦੀ ਪੁਲਿਸ ਨੇ ਏ.ਐਸ.ਆਈ ਰਾਜੇਸ਼ ਕੁਮਾਰ ਦੀ ਅਗਵਾਈ ‘ਚ ਇੱਕ ਦੁਕਾਨਦਾਰ ਨੂੰ 300 ਚੀਨੀ ਡੋਰ ਦੇ ਗੱਟੂਆਂ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਜਦੋਂ ਪੁਲਿਸ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਦਿੱਲੀ ਗੇਟ ਇਲਾਕੇ ‘ਚ ਪਹੁੰਚੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਟਾਹਲੀ ਮੁਹੱਲਾ ਇਲਾਕੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਵਿੱਚ ਪਤੰਗਾਂ ਅਤੇ ਡੋਰ ਵੇਚਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਸੰਨੀ ਨੇ ਵੇਚਣ ਲਈ ਚਾਈਨੀਜ਼ ਡੋਰ ਦੇ ਗੱਟੂ ਰੱਖੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਏ.ਐਸ.ਆਈ ਰਾਜੇਸ਼ ਕੁਮਾਰ ਦੀ ਅਗਵਾਈ ‘ਚ ਛਾਪੇਮਾਰੀ ਕੀਤੀ ਤਾਂ ਉਥੇ 300 ਪੇਟੀਆਂ ਚੀਨੀ ਡੋਰ ਦੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ 188 ਆਈਪੀਸੀ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਦੁਕਾਨਦਾਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।