ਅੰਮ੍ਰਿਤਸਰ : ਸੀਆਈਏ ਦਿਹਾਤੀ ਦੀ ਪੁਲਿਸ ਟੀਮ ਨੇ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਨ ਵਾਲੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਤਸਕਰਾਂ ਕੋਲੋਂ ਛੇ ਕਿੱਲੋ ਹੈਰੋਇਨ (Six kilos of heroin), 1.70 ਲੱਖ ਰੁਪਏ ਦੀ ਡਰੱਗ ਮਨੀ, ਇਕ ਬੁਲਟ ਮੋਟਰਸਾਈਕਲ ਅਤੇ ਇਕ ਸੀਟੀ 110 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਤਿੰਨਾਂ ਤਸਕਰਾਂ ਦੀ ਪਛਾਣ ਮਨਦੀਪ ਸਿੰਘ ਉਰਫ਼ ਗੋਰਾ, ਹਰਭੇਜ ਸਿੰਘ ਵਾਸੀ ਚੋਗਾਵਾਂ ਲੋਪੋਕੇ ਅਤੇ ਲਖਵੀਰ ਸਿੰਘ ਉਰਫ਼ ਲੱਖਾ ਵਾਸੀ ਕੋਠਾ ਗੁਰੂ ਥਾਣਾ ਦਿਆਲਪੁਰਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਹੇ ਸਨ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।DSP ਇੰਦਰਜੀਤ ਸਿੰਘ ਨੇ ਦੱਸਿਆ ਕਿ CIA ਦਿਹਾਤੀ ਦੀ ਪੁਲਿਸ ਟੀਮ ਨੂੰ ਵੀਰਵਾਰ ਨੂੰ ਸੂਚਨਾ ਮਿਲੀ ਸੀ ਕਿ ਉਕਤ ਤਸਕਰ ਹੈਰੋਇਨ ਦੀ ਖੇਪ ਅੱਗੇ ਪਹੁੰਚਾਉਣ ਜਾ ਰਹੇ ਹਨ।ਇਸ ਦੇ ਆਧਾਰ ’ਤੇ ਪੁਲਿਸ ਨੇ ਥਾਣਾ ਅਜਨਾਲਾ ਤੋਂ ਕੋਟਲੀ ਅੰਬ ਵੱਲ ਜਾਂਦੀ ਸੜਕ ’ਤੇ ਨਾਕਾਬੰਦੀ ਕਰ ਦਿੱਤੀ।
ਇਸ ਦੌਰਾਨ ਮੁਲਜ਼ਮ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆ ਰਹੇ ਸਨ।ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ 6 ਕਿੱਲੋ ਹੈਰੋਇਨ ਅਤੇ 1.70 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਸੀ। ਇਹ ਖੇਪ ਅਜਨਾਲਾ ਦੇ ਇਕ ਸਮੱਗਲਰ ਨੂੰ ਮਿਲੀ ਸੀ ਅਤੇ ਉਸ ਤੋਂ ਬਾਅਦ ਇਨ੍ਹਾਂ ਤਿੰਨਾਂ ਤਸਕਰਾਂ ਨੇ ਉਸ ਕੋਲੋਂ ਇਹ ਖੇਪ ਹਾਸਲ ਕੀਤੀ।ਉਸ ਸਮੱਗਲਰ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਉਸ ਨੇ ਦੱਸਿਆ ਕਿ ਤਸਕਰ ਮਨਦੀਪ ਸਿੰਘ ਉਰਫ਼ ਗੋਰਾ ਪਿਛਲੇ ਦੋ ਸਾਲਾਂ ਤੋਂ ਇਸ ਕੰਮ ਵਿਚ ਲੱਗਾ ਹੋਇਆ ਹੈ। ਲਖਬੀਰ ਸਿੰਘ ਉਰਫ਼ ਲੱਖਾ ਪਿਛਲੇ ਇੱਕ ਸਾਲ ਤੋਂ ਇਸ ਕੰਮ ਵਿਚ ਲੱਗਾ ਹੋਇਆ ਸੀ। ਹੁਣ ਤੱਕ ਕਰੀਬ ਸੱਤ-ਅੱਠ ਖੇਪਾਂ ਇਧਰ-ਉਧਰ ਭੇਜੀਆਂ ਜਾ ਚੁੱਕੀਆਂ ਹਨ। ਮੁਲਜ਼ਮ ਲੱਖਾ ਬਠਿੰਡਾ ਤੋਂ ਇੱਥੇ ਆਇਆ ਸੀ ਅਤੇ ਇੱਥੇ ਕਿਰਾਏ ’ਤੇ ਰਹਿ ਰਿਹਾ ਸੀ। ਉਸ ਨੇ ਹੈਰੋਇਨ ਦੀ ਤਸਕਰੀ ਦੇ ਮਕਸਦ ਨਾਲ ਇੱਥੇ ਕਿਰਾਏ ’ਤੇ ਕਮਰਾ ਲਿਆ ਹੋਇਆ ਸੀ। ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।