ਲੁਧਿਆਣਾ : ਅੱਜ ਤੋਂ ਸ਼ੁਰੂ ਹੋ ਰਹੀਆਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (Central Board of Secondary Education),(ਸੀ.ਬੀ.ਐੱਸ.ਈ.) ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਬੋਰਡ ਨੇ ਵਿਦਿਆਰਥੀਆਂ ਲਈ ਇਕ ਹੋਰ ਅਲਰਟ ਜਾਰੀ ਕੀਤਾ ਹੈ। ਇਹ ਚਿਤਾਵਨੀ ਪ੍ਰੀਖਿਆ ਸਬੰਧੀ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਲਈ ਹੈ।
ਅਸਲ ਵਿੱਚ ਸੀ.ਬੀ.ਐਸ.ਈ. ਹੁਣ ਫਰਜ਼ੀ ਖ਼ਬਰਾਂ ਫੈਲਾਉਣ ਅਤੇ ਪੇਪਰ ਲੀਕ ਹੋਣ ਦਾ ਦਾਅਵਾ ਕਰਕੇ ਬੱਚਿਆਂ ਤੋਂ ਪੈਸੇ ਵਸੂਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਮੂਡ ਵਿੱਚ ਹਨ। ਸੀ.ਬੀ.ਐਸ.ਈ. ਵਲੋਂ ਜਾਰੀ ਸਰਕੂਲਰ ‘ਚ ਕਿਹਾ ਗਿਆ ਹੈ ਕਿ ਅਕਸਰ ਪ੍ਰੀਖਿਆਵਾਂ ਦੌਰਾਨ ਫਰਜ਼ੀ ਸੋਸ਼ਲ ਹੈਂਡਲ ਅਤੇ ਯੂ-ਟਿਊਬ ‘ਤੇ ਪੇਪਰ ਲੀਕ ਦੀਆਂ ਮਨਘੜਤ ਖਬਰਾਂ ਆਉਂਦੀਆਂ ਹਨ।
ਉਹ ਮਾਪਿਆਂ ਅਤੇ ਬੱਚਿਆਂ ਤੋਂ ਪੈਸੇ ਵੀ ਵਸੂਲਦੇ ਹਨ ਅਤੇ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਮਾਪੇ ਧੋਖੇ ਦਾ ਸ਼ਿਕਾਰ ਹੋ ਗਏ ਹਨ। ਹਾਲਾਂਕਿ ਇਸ ਵਾਰ ਸੀ.ਬੀ.ਐਸ.ਈ. ਅਜਿਹੇ ਅਨਸਰਾਂ ‘ਤੇ ਨਜ਼ਰ ਰੱਖੇਗਾ ਅਤੇ ਆਈ.ਪੀ.ਸੀ. ਸਮੇਤ ਆਈ.ਟੀ. ਐਕਟ ਤਹਿਤ ਉਸ ਵਿਰੁੱਧ ਐਫ.ਆਈ.ਆਰ. ਦਰਜ ਕਰਾਵੇਗਾ ।