ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) (The Central Bureau of Investigation) ਨੇ ਕੋਲਕਾਤਾ ਵਿੱਚ ਆਰ.ਜੀ ਕਾਰ ਮੈਡੀਕਲ ਕਾਲਜ (RG Kar Medical College) ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਾਰਜਕਾਲ ਦੌਰਾਨ ਸੰਸਥਾ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਐਤਵਾਰ ਨੂੰ ਯਾਨੀ ਅੱਜ ਉਨ੍ਹਾਂ ਦੇ ਘਰ ਛਾਪਾ ਮਾਰਿਆ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ਸਮੇਤ ਕੋਲਕਾਤਾ ਦੇ 14 ਹੋਰ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕਰ ਰਹੀ ਹੈ।
ਮੈਡੀਕਲ ਕਾਲਜ 9 ਅਗਸਤ ਨੂੰ ਆਪਣੇ ਕਾਨਫਰੰਸ ਹਾਲ ਵਿੱਚ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਕਤਲ ਦੀ ਘਟਨਾ ਤੋਂ ਬਾਅਦ ਸੁਰਖੀਆਂ ਵਿੱਚ ਹੈ। ਇਸ ਮਾਮਲੇ ‘ਚ ਦੋਸ਼ੀ ਸੰਜੇ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਲਕੱਤਾ ਹਾਈ ਕੋਰਟ ਦੀਆਂ ਹਦਾਇਤਾਂ ‘ਤੇ ਸੀ.ਬੀ.ਆਈ ਨੇ ਕਤਲ ਦੇ ਨਾਲ-ਨਾਲ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲੇ ਦਰਜ ਕੀਤੇ ਹਨ।