ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪੰਜਵੇਂ ਦਿਨ ਦੀ ਕਾਰਵਾਈ ਵਿੱਚ ਸਵਾਲ-ਜਵਾਬ ਹੋ ਰਹੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ (Cabinet Minister Harjot Bains) ਨੇ ਵੱਡਾ ਐਲਾਨ ਕੀਤਾ ਕਿ ਪੰਜਾਬ ਦਾ ਕੋਈ ਵੀ ਸਕੂਲ ਸਿੰਗਲ ਟੀਚਰ ਜਾਂ ਅਧਿਆਪਕ ਰਹਿਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲਾਂ ਵਿੱਚ 24 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 10,000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ।
ਇਸ ਤੋਂ ਇਲਾਵਾ ਮਾਸਟਰ ਕਾਡਰ ਦੀ 2019 ਦੀ ਰਿੱਟ ਲਗਾਈ ਗਈ ਸੀ ਅਤੇ ਇਸ ਆਧਾਰ ’ਤੇ ਤਰੱਕੀਆਂ ਨਹੀਂ ਹੋ ਸਕੀਆਂ ਸਨ।ਅਸੀਂ ਉਸ ਅਦਾਲਤੀ ਕੇਸ ਦਾ ਹੱਲ ਕਰਵਾ ਰਹੇ ਹਾਂ, ਜਿਵੇਂ ਹੀ ਇਹ ਪੂਰਾ ਹੋ ਜਾਵੇਗਾ, ਤਰੱਕੀ ਹੋ ਜਾਵੇਗੀ। ਅਸੀਂ ਦਿਨ-ਰਾਤ ਕੰਮ ਕਰ ਰਹੇ ਹਾਂ ਤਾਂ ਜੋ ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਹਰ ਸਕੂਲ ਲਈ ਜ਼ਿੰਮੇਵਾਰ ਹਾਂ, ਇਹ ਪੰਜਾਬ ਦੇ ਭਵਿੱਖ ਬਾਰੇ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਸਿੱਖਿਆ ਵਿਭਾਗ ਨੂੰ ਧਰਨਾ ਵਿਭਾਗ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇਸ ਮਾਮਲੇ ਨੂੰ ਬੈਠ ਕੇ ਸੁਲਝਾਉਣ ਲਈ ਕਿਹਾ ਹੈ।ਦੱਸ ਦੇਈਏ ਕਿ ਪਿਛਲੇ ਦਿਨ ਵਿਰੋਧੀ ਧਿਰ ਵੱਲੋਂ ਸਦਨ ‘ਚ ਬੋਲਣ ਦੇ ਸਮੇਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਸਪੀਕਰ ਨੇ ਮਾਰਸ਼ਲਾਂ ਨੂੰ ਬੁਲਾਇਆ ਅਤੇ ਕਈ ਕਾਂਗਰਸੀ ਨੇਤਾਵਾਂ ਨੂੰ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਸੀ।