ਚੰਡੀਗੜ੍ਹ: ਅੱਜ ਸਵੇਰੇ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal Purohit) ਵੱਲੋਂ ਸੰਬੋਧਨ ਕਰਨਾ ਸ਼ੁਰੂ ਕਰਨ ਦੇ ਨਾਲ ਹੀ ਵਿਰੋਧੀ ਧਿਰ ਕਾਂਗਰਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰਾਜਪਾਲ ਨੇ ਵਿਰੋਧੀ ਧਿਰ ਨੂੰ ਅਪੀਲ ਵੀ ਕੀਤੀ ਕਿ ਉਹ ਨਾਅਰੇ ਨਾ ਲਗਾਉਣ ਸਗੋਂ ਉਹਨਾਂ ਦੀ ਗੱਲ ਸੁਣਨ ਪਰ ਕਾਂਗਰਸੀ ਆਗੂ ਟਸ ਤੋਂ ਮਸ ਨਾ ਹੋਏ ਤੇ ਉਹ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿਚ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕਰਦੇ ਰਹੇ।
ਇਸ ’ਤੇ ਗਵਰਨਰ ਨੇ ਭਾਸ਼ਣ ਪੂਰਾ ਨਾ ਪੜ੍ਹਦੇ ਹੋਏ ਵਿਚਾਲੇ ਹੀ ਛੱਡ ਦਿੱਤਾ। ਹਾਲਾਂਕਿ ਰਾਜਪਾਲ ਨੇ ਕਿਹਾ ਕਿ ਸਾਰਿਆਂ ਨੂੰ ਗੱਲ ਰੱਖਣ ਦਾ ਮੌਕਾ ਮਿਲੇਗਾ। ਭਾਸ਼ਣ ਦੀ ਕਾਰਵਾਈ ਵਿਚਾਲੇ ਛੱਡਦਿਆਂ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਨੂੰ ਮੁਕੰਮਲ ਹੀ ਸਮਝਿਆ ਜਾਵੇ। ਇਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ।