ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ (MLA Sukhwinder Kumar Sukhi) ਨੇ ਸੂਬੇ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਲੈ ਕੇ ਮਤਾ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗੰਧਲੇ ਹੋ ਰਹੇ ਵਾਤਾਵਰਣ ਕਾਰਨ ਮਨੁੱਖਤਾ ਅਤੇ ਪਸ਼ੂ-ਪੰਛੀਆਂ ‘ਤੇ ਪੈਣ ਵਾਲੇ ਖ਼ਤਰਨਾਕ ਪ੍ਰਭਾਵਾਂ ਤੋਂ ਬਚਾਉਣ ਲਈ ਸੂਬੇ ‘ਚ ਵੱਧ ਤੋਂ ਵੱਧ ਰੁੱਖ ਲਾਏ ਜਾਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਪਹਿਲਾਂ ਤੋਂ ਲੱਗੇ ਹੋਏ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਨੂੰ ਰੋਕਣ ਲਈ ਇਕ ਢੁੱਕਵਾਂ ਕਾਨੂੰਨ ਬਣਾਉਣ ਲਈ ਅਸਰਦਾਰ ਕਦਮ ਚੁੱਕੇ ਜਾਣ। ਇਸ ਮਤੇ ‘ਤੇ ਸਾਰੇ ਮੈਂਬਰਾਂ ਨੇ ਸਹਿਮਤੀ ਜਤਾਈ ਹੈ।

ਇਸ ਬਾਰੇ ਬੋਲਦਿਆਂ ਮੰਤਰੀ ਮੀਤ ਹੇਅਰ (Minister Meet Hair) ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ। ਇਸ ‘ਚ ਕੋਈ 2 ਰਾਏ ਨਹੀਂ ਕਿ ਭਾਵੇਂ ਹਵਾ ਦਾ ਪ੍ਰਦੂਸ਼ਣ ਹੈ ਜਾਂ ਪਾਣੀ ਗੰਧਲਾ ਹੋ ਰਿਹਾ ਹੈ, ਇਸ ਕਾਰਨ ਪੂਰੀ ਦੁਨੀਆ ‘ਚ 70 ਲੱਖ ਮੌਤਾਂ ਪ੍ਰਦੂਸ਼ਣ ਕਰਕੇ ਆਂ ਹਨ ਅਤੇ ਦੁਨੀਆ ਇਸ ਨੂੰ ਲੈ ਕੇ ਜਾਗਰੂਕ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸਮੇਂ ਜਦੋਂ ਸਾਰੇ ਲੋਕ ਘਰ ਬੈਠ ਗਏ ਤਾਂ ਵਾਤਾਵਰਣ ਇੰਨਾ ਸਾਫ਼ ਹੋ ਗਿਆ ਸੀ ਕਿ ਪੰਜਾਬ ‘ਚੋਂ ਹੀ ਪਹਾੜ ਦਿਖਣੇ ਸ਼ੁਰੂ ਹੋ ਗਏ ਸਨ। ਸੜਕਾਂ ‘ਤੇ ਜੰਗਲੀ ਜਾਨਵਰ ਆਉਣ ਲੱਗ ਗਏ ਸੀ ਪਰ ਇਸ ਤੋਂ ਬਾਅਦ ਮਨੁੱਖ ਦੁਬਾਰਾ ਫਿਰ ਆਪਣੀਆਂ ਹਰਕਤਾਂ ‘ਤੇ ਆ ਗਿਆ।

ਮੀਤ ਹੇਅਰ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਸਾਨੂੰ ਸਭ ਨੂੰ ਆਪਣਾ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਪਿਛਲੇ ਸਾਲ ਨਾਲੋਂ 30 ਫ਼ੀਸਦੀ ਘੱਟ ਪਰਾਲੀ ਸਾੜੀ ਗਈ ਹੈ। ਉਨ੍ਹਾਂ ਨੇ ਪੰਚਾਇਤੀ ਮਹਿਕਮੇ ਨੂੰ ਅਪੀਲ ਕੀਤੀ ਕਿ ਜਿਹੜੀਆਂ ਜ਼ਮੀਨਾਂ ਸਾਡੇ ਕੋਲ ਪਈਆਂ ਹਨ, ਉਨ੍ਹਾਂ ‘ਤੇ ਜੰਗਲ ਲਾਉਣਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮਿਲ ਸਕੇ। ਅਸੀਂ ਆਪਣੇ ਘਰਾਂ ‘ਚ ਵੀ ਕੋਸ਼ਿਸ਼ ਕਰੀਏ ਕਿ ਈਕੋ ਫਰੈਂਡਲੀ ਪ੍ਰੋਡਕਟਾਂ ਦੀ ਵਰਤੋਂ ਕਰੀਏ।

Leave a Reply