ASI ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
By admin / June 7, 2024 / No Comments / Punjabi News
ਦੀਨਾਨਗਰ : ਜਿੱਥੇ ਇਕ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ, ਜਿਸ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਗਰਮੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੜਾਕੇ ਦੀ ਗਰਮੀ ਕਾਰਨ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਧੂਤ ਵਾਸੀ ਪੰਜਾਬ ਪੁਲਿਸ ਦੇ ਇੱਕ ਏ.ਐਸ.ਆਈ. ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਸ ਦਾ ਭਰਾ ਏ.ਐੱਸ.ਆਈ. ਸਤਪਾਲ ਸ਼ਰਮਾ (50) ਜੋ ਕਿ ਗੁਰਦਾਸਪੁਰ ਦੇ ਐਸ.ਐਸ.ਪੀ. ਦਫਤਰ ‘ਚ ਫਿੰਗਰ ਪ੍ਰਿੰਟ ਬ੍ਰਾਂਚ ‘ਚ ਤਾਇਨਾਤ ਸੀ, ਉਹ ਹਰ ਰੋਜ਼ ਦੀ ਤਰ੍ਹਾਂ ਘੱਗਰ ਤੋਂ ਸਵੇਰੇ ਘਰੋਂ ਆਪਣੇ ਦਫਤਰ ਗੁਰਦਾਸਪੁਰ ਗਿਆ ਸੀ। ਦੁਪਹਿਰ ਸਮੇਂ ਉਨ੍ਹਾਂ ਨੂੰ ਦਫ਼ਤਰ ਦੇ ਸਟਾਫ਼ ਦਾ ਫ਼ੋਨ ਆਇਆ ਕਿ ਸਤਪਾਲ ਸ਼ਰਮਾ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ ਹੋ ਗਿਆ ਹੈ, ਜਿਸ ਨੂੰ ਸਟਾਫ਼ ਵੱਲੋਂ ਤੁਰੰਤ ਗੁਰਦਾਸਪੁਰ ਹਸਪਤਾਲ ਲਿਆਂਦਾ ਗਿਆ ਤੇ ਡਾ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਿਸਦੇ ਬਾਅਦ ਅੱਜ ਪੋਸਟਮਾਰਟਮ ਉਪਰੰਤ ਉਨ੍ਹਾਂ ਦੇ ਜੱਦੀ ਪਿੰਡ ਧੂਤ ਵਿਖੇ ਪੁਲਿਸ ਯੂਨਿਟ ਵੱਲੋਂ ਪੂਰੇ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਬੇਟੀ ਛੱਡ ਗਿਆ ਹੈ। ਇਸ ਅਚਾਨਕ ਹੋਈ ਮੌਤ ਕਾਰਨ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।