November 5, 2024

AAP ਦੇ ਕੁਲਦੀਪ ਕੁਮਾਰ ਚੰਡੀਗੜ੍ਹ ਦੇ ਬਣੇ ਨਵੇਂ ਮੇਅਰ

ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣ ਮਾਮਲੇ (Chandigarh mayor election case) ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ (Supreme Court) ਨੇ 30 ਜਨਵਰੀ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਰੱਦ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਕੁਲਦੀਪ ਕੁਮਾਰ (Kuldeep Kumar) ਨੂੰ ਚੰਡੀਗੜ੍ਹ ਦਾ ਨਵਾਂ ਮੇਅਰ ਐਲਾਨ ਦਿਤਾ ਹੈ।ਸੁਪਰੀਮ ਕੋਰਟ ਨੇ ਉਨ੍ਹਾਂ 8 ਰੱਦ ਕੀਤੀਆਂ ਵੋਟਾਂ ਨੂੰ ਵੈਲਿਡ ਦੱਸਿਆ ਹੈ, ਜਿਨ੍ਹਾਂ ਨੂੰ ਰਿਟਰਨਿੰਗ ਅਫਸਰ ਅਨਿਲ ਮਸੀਹ ਨੇ ਗਲਤ ਦੱਸਿਆ ਸੀ।

ਮਾਮਲੇ ਦੀ ਸੁਣਵਾਈ ਕਰਦੇ ਹੋਏ CJI ਨੇ ਕਿਹਾ ਕਿ ਸਾਰੀਆਂ 8 ਵੋਟਾਂ ਪਟੀਸ਼ਨਕਰਤਾ ਉਮੀਦਵਾਰ ਕੁਲਦੀਪ ਕੁਮਾਰ ਦੇ ਪੱਖ ਵਿਚ ਸਨ। ਰਿਟਰਨਿੰਗ ਅਫਸਰ ਨੇ ਆਪਣੇ ਅਧਿਕਾਰ ਤੋਂ ਬਾਹਰ ਜਾ ਕੇ ਕੰਮ ਕੀਤਾ। ਰਿਟਰਨਿੰਗ ਅਫਸਰ ਨੇ ਅਪਰਾਧ ਕੀਤਾ ਹੈ। ਇਸ ਲਈ ਉਸ ਖ਼ਿਲਾਫ਼ ਕਾਰਵਾਈ ਹੋਵੇ। ਬੈਂਚ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ (ਨਿਆਂਇਕ) ਨੂੰ ਹੁਕਮ ਦਿਤਾ ਕਿ ਉਹ ਮਸੀਹ ਨੂੰ ਨੋਟਿਸ ਜਾਰੀ ਕਰਨ ਕਿ ਅਦਾਲਤ ਦੇ ਸਾਹਮਣੇ ਕਥਿਤ ਤੌਰ ’ਤੇ ਝੂਠਾ ਬਿਆਨ ਦੇਣ ਲਈ ਉਸ ਵਿਰੁਧ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 340 ਤਹਿਤ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ।

ਇਸ ’ਚ ਕਿਹਾ ਗਿਆ ਹੈ ਕਿ ਉਹ ਨੋਟਿਸ ਦਾ ਜਵਾਬ ਦਾਇਰ ਕਰ ਸਕਦਾ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਤਿੰਨ ਹਫ਼ਤਿਆਂ ਬਾਅਦ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਅਪਣੇ ਫ਼ੈਸਲੇ ’ਚ ਕਿਹਾ ਕਿ ਪ੍ਰੀਜ਼ਾਈਡਿੰਗ ਅਧਿਕਾਰੀ ਦੇ ਤੌਰ ’ਤੇ ਮਸੀਹ ਦੇ ਵਿਵਹਾਰ ਦੀ ਦੋ ਪੱਧਰਾਂ ’ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਕਿਹਾ, ‘‘ਸੱਭ ਤੋਂ ਪਹਿਲਾਂ ਮਸੀਹ ਨੇ ਅਪਣੇ ਵਿਵਹਾਰ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਮੇਅਰ ਦੀ ਚੋਣ ਦੀ ਦਿਸ਼ਾ ਬਦਲ ਦਿਤੀ। ਦੂਜਾ, 19 ਫ਼ਰਵਰੀ ਨੂੰ ਇਸ ਅਦਾਲਤ ਦੇ ਸਾਹਮਣੇ ਗੰਭੀਰ ਬਿਆਨ ਦਿੰਦੇ ਹੋਏ ਪ੍ਰੀਜ਼ਾਈਡਿੰਗ ਅਫਸਰ ਨੇ ਗਲਤ ਬਿਆਨ ਦਿਤਾ ਜਿਸ ਲਈ ਉਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।’’

ਅਦਾਲਤ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ ਹੋਣ ਦੇ ਨਾਤੇ ਮਸੀਹ ਅਦਾਲਤ ਦੇ ਸਾਹਮਣੇ ਅਜਿਹਾ ਬਿਆਨ ਦੇਣ ਦੇ ਨਤੀਜਿਆਂ ਤੋਂ ਅਣਜਾਣ ਨਹੀਂ ਹੋ ਸਕਦਾ ਸੀ। ਬੈਂਚ ਨੇ ਕਿਹਾ ਕਿ ਸੋਮਵਾਰ ਨੂੰ ਸੁਣਵਾਈ ਦੌਰਾਨ ਮਸੀਹ ਦਾ ਬਿਆਨ ਦਰਜ ਕਰਨ ਤੋਂ ਪਹਿਲਾਂ ਉਸ ਨੇ ਉਸ ਨੂੰ ਝੂਠਾ ਬਿਆਨ ਦੇਣ ਲਈ ਗੰਭੀਰ ਨਤੀਜੇ ਭੁਗਤਣ ਦੀ ਹਦਾਇਤ ਵੀ ਦਿਤੀ ਸੀ।

By admin

Related Post

Leave a Reply