ਗੈਜੇਟ ਡੈਸਕ : ਲਗਾਤਾਰ ਵਧ ਰਹੀ ਗਰਮੀ ਨੇ ਲੋਕਾਂ ਨੂੰ ਘਰਾਂ ਤੱਕ ਸੀਮਤ ਕਰ ਦਿੱਤਾ ਹੈ । ਅਜਿਹੀ ਸਥਿਤੀ ਵਿੱਚ ਕੁਝ ਲੋਕ ਏ.ਸੀ ਦਾ ਸਹਾਰਾ ਵੀ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਜੇਕਰ ਧਿਆਨ ਨਾ ਰੱਖਿਆ ਜਾਵੇ ਤਾਂ ਏ.ਸੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਜੀ ਹਾਂ, ਦੇਸ਼ ਭਰ ਵਿੱਚੋਂ ਏ.ਸੀ ਬਲਾਸਟ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ।
ਦਰਅਸਲ ਏ.ਸੀ ਕੁਝ ਗਲਤੀਆਂ ਕਰਕੇ ਹੀ ਫਟਦਾ ਹੈ। ਲੰਬੇ ਸਮੇਂ ਤੱਕ ਏ.ਸੀ ਚੱਲਦਾ ਰਹਿਣ ਕਾਰਨ ਗਰਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਏ.ਸੀ ਦਾ ਆਊਟਡੋਰ ਯੂਨਿਟ ਧੁੱਪ ਵਿੱਚ ਫਿੱਟ ਕਰਨ ਕਰਕੇ ਵੀ ਬਲਾਸਟ ਹੋ ਜਾਂਦਾ ਹੈ। ਏ.ਸੀ ਦੀ ਗੈਸ ਲੀਕਿੰਗ ਕਰਕੇ ਵੀ ਧਮਾਕਾ ਹੋ ਸਕਦਾ ਹੈ। ਇਸ ਤੋਂ ਇਲਾਵਾ ਪਾਵਰ ਸਾਕਟ ਤੇ ਅਰਥਿੰਗ ਦੀ ਸਮੱਸਿਆ ਕਰਕੇ ਵੀ ਏ.ਸੀ ਬਲਾਸਟ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਏ.ਸੀ ਦੀ ਸਹੀ ਤੇ ਸੁਰੱਖਿਅਤ ਵਰਤੋਂ ਕਰੀਏ ਤਾਂ ਜੋ ਗਰਮੀ ਤੋਂ ਰਾਹਤ ਮਿਲੇ ਤੇ ਜੇਬ ‘ਤੇ ਬੋਝ ਵੀ ਜ਼ਿਆਦਾ ਨਾ ਪਵੇ।
1. ਏ.ਸੀ ਦੀ ਨਿਯਮਿਤ ਤੌਰ ‘ਤੇ ਸਰਵਿਸ ਕਰਵਾਓ
ਏ.ਸੀ ਵੀ ਇਕ ਮਸ਼ੀਨ ਹੈ ਤੇ ਇਸ ਦੀ ਸਹੀ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਇਸ ਦੀ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ, ਤਾਂ ਇਸ ਦੇ ਫਿਲਟਰ ਤੇ ਕੋਇਲਾਂ ਵਿੱਚ ਗੰਦਗੀ ਜਮ੍ਹਾ ਹੋ ਜਾਂਦੀ ਹੈ, ਜਿਸ ਨਾਲ ਓਵਰਹੀਟਿੰਗ ਤੇ ਸ਼ਾਰਟ ਸਰਕਟ ਦਾ ਖ਼ਤਰਾ ਵਧ ਜਾਂਦਾ ਹੈ। ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਏ.ਸੀ ਦੀ ਸਰਵਿਸ ਕਰਵਾਓ। ਏ.ਸੀ ਨੂੰ ਫਰਿੱਜ ਜਾਂ ਮਾਈਕ੍ਰੋਵੇਵ ਵਾਲੇ ਇਕੋ ਐਕਸਟੈਂਸ਼ਨ ਬੋਰਡ ‘ਤੇ ਨਾ ਲਾਓ। ਏ.ਸੀ ਲਈ ਇਕ ਵੱਖਰਾ ਪਾਵਰ ਸਾਕਟ ਤੇ ਅਰਥਿੰਗ ਜ਼ਰੂਰੀ ਹੈ।
2. ਤਾਪਮਾਨ 24 ਡਿਗਰੀ ‘ਤੇ ਸੈੱਟ ਕਰੋ
ਏ.ਸੀ ਨੂੰ 18 ਡਿਗਰੀ ‘ਤੇ ਚਲਾਉਣ ਨਾਲ ਤੁਹਾਡਾ ਕਮਰਾ ਜਲਦੀ ਠੰਢਾ ਨਹੀਂ ਹੋਵੇਗਾ, ਸਗੋਂ ਏ.ਸੀ ‘ਤੇ ਜ਼ਿਆਦਾ ਭਾਰ ਪਵੇਗਾ ਤੇ ਬਿਜਲੀ ਦਾ ਬਿੱਲ ਵੀ ਵਧੇਗਾ। ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ ਅਨੁਸਾਰ 24 ਡਿਗਰੀ ਸੈਲਸੀਅਸ ਸਭ ਤੋਂ ਢੁਕਵਾਂ ਤਾਪਮਾਨ ਹੈ। ਹਰ 1 ਡਿਗਰੀ ਦੀ ਕਮੀ ਬਿਜਲੀ ਦੀ ਖਪਤ ਨੂੰ 6% ਵਧਾਉਂਦੀ ਹੈ।
3. ਏ.ਸੀ + ਪੱਖਾ = ਸ਼ਕਤੀਸ਼ਾਲੀ ਕੂਲੰਿਗ
ਏ.ਸੀ ਨਾਲ ਪੱਖਾ ਚਲਾਉਣਾ ਬੇਕਾਰ ਨਹੀਂ ਸਗੋਂ ਸਮਝਦਾਰੀ ਹੈ। ਪੱਖਾ ਕਮਰੇ ਵਿੱਚ ਠੰਢੀ ਹਵਾ ਨੂੰ ਬਰਾਬਰ ਫੈਲਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਏ.ਸੀ ਨੂੰ ਘੱਟ ਕੰਮ ਕਰਨਾ ਪੈਂਦਾ ਹੈ ਤੇ ਘੱਟ ਸਮੇਂ ਵਿੱਚ ਠੰਢਕ ਪੂਰੇ ਕਮਰੇ ਵਿੱਚ ਫੈਲ ਜਾਂਦੀ ਹੈ।
4. ਪਰਦੇ ਲਾਓ ਤੇ ਸੂਰਜ ਦੀ ਗਰਮੀ ਨੂੰ ਰੋਕੋ
ਗਰਮੀਆਂ ਵਿੱਚ ਸੂਰਜ ਕਮਰੇ ਦੇ ਤਾਪਮਾਨ ਤੇ ਏ.ਸੀ ਦੀ ਮੁਸ਼ੱਕਤ ਦੋਵਾਂ ਨੂੰ ਵਧਾਉਂਦਾ ਹੈ। ਦਿਨ ਵੇਲੇ ਖਿੜਕੀਆਂ ‘ਤੇ ਮੋਟੇ ਪਰਦੇ ਲਾਓ। ਤੁਸੀਂ ਰਿਫਲੈਕਟਿਵ ਵਿੰਡੋ ਫਿਲਮ ਵੀ ਲਗਾ ਸਕਦੇ ਹੋ ਤਾਂ ਜੋ ਬਾਹਰ ਦੀ ਗਰਮੀ ਅੰਦਰ ਨਾ ਆਵੇ। ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖੋ ਤਾਂ ਜੋ ਠੰਢੀ ਹਵਾ ਬਾਹਰ ਨਾ ਨਿਕਲੇ।
5. ਪੁਰਾਣੇ ਏ.ਸੀ ਨੂੰ ਅਪਗ੍ਰੇਡ ਕਰੋ
ਜੇਕਰ ਤੁਸੀਂ 10-15 ਸਾਲ ਪੁਰਾਣਾ ਏ.ਸੀ ਵਰਤ ਰਹੇ ਹੋ ਤਾਂ ਇਹ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ। 5-ਸਟਾਰ ਰੇਟਿੰਗ ਵਾਲੇ ਨਵੇਂ ਏ.ਸੀ ਪੁਰਾਣੇ ਏ.ਸੀ ਨਾਲੋਂ 50% ਘੱਟ ਬਿਜਲੀ ਦੀ ਖਪਤ ਕਰਦੇ ਹਨ। ਵਧੇਰੇ ਸਟਾਰ = ਘੱਟ ਬਿਜਲੀ ਦੀ ਖਪਤ = ਵਧੇਰੇ ਬੱਚਤ। ਇਸ ਤੋਂ ਇਲਾਵਾ ਟਾਈਮਰ ਤੇ ਸਲੀਪ ਮੋਡ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ।
The post ਵਧਦੀ ਗਰਮੀ ਵਿਚਾਲੇ ਇਸ ਤਰ੍ਹਾਂ ਕਰੋ ਏ.ਸੀ ਦੀ ਵਰਤੋਂ appeared first on Time Tv.
Leave a Reply