500 ਟੈਸਟ ਵਿਕਟਾਂ ਹਾਸਲ ਕਰਨ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣੇ ਰਵੀਚੰਦਰਨ ਅਸ਼ਵਿਨ
By admin / February 16, 2024 / No Comments / Punjabi News
ਸਪੋਰਟਸ ਡੈਸਕ: ਇੰਗਲੈਂਡ ਵਿਰੁਧ ਚਲ ਰਹੇ ਤੀਜੇ ਟੈਸਟ ਮੈਚ ਦੌਰਾਨ ਰਵੀਚੰਦਰਨ ਅਸ਼ਵਿਨ (Ravichandran Ashwin) 500 ਟੈਸਟ ਵਿਕਟਾਂ ਹਾਸਲ ਕਰਨ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਪ੍ਰਾਪਤੀ ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਹਾਸਲ ਕੀਤੀ ਸੀ।
ਅਸ਼ਵਿਨ ਕੁੰਬਲੇ ਤੋਂ ਬਾਅਦ ਭਾਰਤ ਦੇ ਦੂਜੇ ਸੱਭ ਤੋਂ ਸਫਲ ਟੈਸਟ ਗੇਂਦਬਾਜ਼ ਹਨ। ਕੁੰਬਲੇ ਦੇ ਨਾਂ ’ਤੇ 619 ਟੈਸਟ ਵਿਕਟਾਂ ਹਨ। 37 ਸਾਲ ਦੇ ਅਸ਼ਵਿਨ ਨੇ ਤੀਜੇ ਟੈਸਟ ਦੇ ਦੂਜੇ ਦਿਨ ਇਹ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਨੂੰ ਇਹ ਪ੍ਰਾਪਤੀ ਹਾਸਲ ਕਰਨ ਲਈ ਸਿਰਫ ਇਕ ਵਿਕਟ ਦੀ ਲੋੜ ਸੀ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜ਼ੈਕ ਕ੍ਰਾਉਲੀ ਨੂੰ ਅਪਣੀ ਗੇਂਦ ਨੂੰ ਸਵੀਪ ਕਰਨ ਦੀ ਕੋਸ਼ਿਸ਼ ਵਿਚ ਹਵਾ ਵਿਚ ਉਛਾਲਿਆ ਗਿਆ ਅਤੇ ਰਜਤ ਪਾਟੀਦਾਰ ਨੇ ਆਸਾਨ ਕੈਚ ਲਿਆ।
ਅਸ਼ਵਿਨ ਤੋਂ ਪਹਿਲਾਂ ਸ਼੍ਰੀਲੰਕਾ ਦੇ ਮਹਾਨ ਆਫ ਸਪਿਨਰ ਮੁਥਿਆ ਮੁਰਲੀਧਰਨ (800) ਅਤੇ ਆਸਟ੍ਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ (517 ਵਿਕਟਾਂ) ਇਹ ਪ੍ਰਾਪਤੀ ਹਾਸਲ ਕਰ ਚੁਕੇ ਹਨ। ਅਸ਼ਵਿਨ ਟੈਸਟ ਕ੍ਰਿਕਟ ’ਚ 500 ਵਿਕਟਾਂ ਦਾ ਅੰਕੜਾ ਛੂਹਣ ਵਾਲੇ ਦੁਨੀਆਂ ਦੇ ਨੌਵੇਂ ਗੇਂਦਬਾਜ਼ ਹਨ। ਸਾਲ 2011 ’ਚ ਡੈਬਿਊ ਕਰਨ ਵਾਲੇ ਅਸ਼ਵਿਨ ਨੇ ਅਪਣੇ 98ਵੇਂ ਟੈਸਟ ’ਚ ਇਹ ਪ੍ਰਾਪਤੀ ਹਾਸਲ ਕੀਤੀ। ਛੋਟੀ ਉਮਰ ’ਚ ਪਿੱਠ ਦੀ ਸੱਟ ਨੇ ਉਨ੍ਹਾਂ ਨੂੰ ਸਪਿਨ ਗੇਂਦਬਾਜ਼ੀ ਕਰਨ ਲਈ ਮਜਬੂਰ ਕੀਤਾ ਸੀ।
ਕੁੰਬਲੇ ਅਤੇ ਹਰਭਜਨ ਸਿੰਘ ਤੋਂ ਬਾਅਦ ਅਸ਼ਵਿਨ ਤੋਂ ਉਮੀਦਾਂ ਬਹੁਤ ਜ਼ਿਆਦਾ ਸਨ ਅਤੇ ਉਨ੍ਹਾਂ ਨੇ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਅਪਣੇ ਪਹਿਲੇ 16 ਟੈਸਟ ਮੈਚਾਂ ’ਚ ਨੌਂ ਵਾਰ ਇਕ ਪਾਰੀ ’ਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਅਤੇ ਸੱਭ ਤੋਂ ਤੇਜ਼ 300 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ। ਅਸ਼ਵਿਨ ਨੇ ਛੋਟੇ ਫਾਰਮੈਟਾਂ ’ਚ ਵੀ ਅਪਣੀ ਯੋਗਤਾ ਸਾਬਤ ਕੀਤੀ ਹੈ। ਉਨ੍ਹਾਂ ਨੇ 116 ਵਨਡੇ ਮੈਚਾਂ ’ਚ 156 ਵਿਕਟਾਂ ਅਤੇ 65 ਟੀ-20 ਕੌਮਾਂਤਰੀ ਮੈਚਾਂ ’ਚ 72 ਵਿਕਟਾਂ ਲਈਆਂ ਹਨ।