ਰਾਂਚੀ: ਅੱਜ ਪੇਂਡੂ ਵਿਕਾਸ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਆਲਮਗੀਰ ਆਲਮ (Minister Alamgir Alam) ਨੂੰ ਪੀ.ਐਮ.ਐਲ.ਏ. ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੰਤਰੀ ਆਲਮਗੀਰ ਆਲਮ ਦੇ ਰਿਮਾਂਡ ਦੀ ਮਿਆਦ 5 ਦਿਨਾਂ ਲਈ ਵਧਾ ਦਿੱਤੀ ਹੈ।
ਦੱਸ ਦੇਈਏ ਕਿ 6 ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੰਤਰੀ ਆਲਮਗੀਰ ਆਲਮ ਨੂੰ ਪੇਸ਼ ਕੀਤਾ ਗਿਆ ਸੀ। ਈ.ਡੀ ਨੇ ਅਦਾਲਤ ਨੂੰ 8 ਦਿਨਾਂ ਦੇ ਰਿਮਾਂਡ ਦੀ ਬੇਨਤੀ ਕੀਤੀ ਸੀ, ਪਰ ਅਦਾਲਤ ਨੇ ਰਿਮਾਂਡ ਦੀ ਮਿਆਦ 5 ਦਿਨ ਵਧਾ ਦਿੱਤੀ ਹੈ। ਹੁਣ ਈ.ਡੀ ਟੈਂਡਰ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ੀ ਮੰਤਰੀ ਆਲਮਗੀਰ ਆਲਮ ਤੋਂ 5 ਦਿਨਾਂ ਤੱਕ ਪੁੱਛਗਿੱਛ ਕਰੇਗੀ।
ਧਿਆਨਯੋਗ ਹੈ ਕਿ ਈ.ਡੀ ਨੇ ਮੰਤਰੀ ਆਲਮਗੀਰ ਆਲਮ ਦੇ ਪੀ.ਐਸ ਸੰਜੀਵ ਲਾਲ ਅਤੇ ਉਨ੍ਹਾਂ ਦੇ ਨੌਕਰ ਜਹਾਂਗੀਰ ਆਲਮ ਨੂੰ 7 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਛਾਪੇਮਾਰੀ ਦੌਰਾਨ ਜਹਾਂਗੀਰ ਦੇ ਫਲੈਟ ਵਿੱਚੋਂ ਪੇਂਡੂ ਵਿਕਾਸ ਵਿਭਾਗ ਦੇ ਕਈ ਅਹਿਮ ਦਸਤਾਵੇਜ਼, ਲੈਟਰ ਹੈੱਡ ਅਤੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਜਹਾਂਗੀਰ ਨੇ ਮੰਨਿਆ ਸੀ ਕਿ ਉਸ ਨੇ ਸੰਜੀਵ ਦੇ ਕਹਿਣ ‘ਤੇ ਹੀ ਫਲੈਟ ‘ਚ ਦਸਤਾਵੇਜ਼ ਅਤੇ ਨਕਦੀ ਰੱਖੀ ਸੀ।
ਸੰਜੀਵ ਲਾਲ ਨੇ ਉਸ ਫਲੈਟ ਦੀ ਵਰਤੋਂ ਨਕਦੀ ਅਤੇ ਦਸਤਾਵੇਜ਼ ਰੱਖਣ ਲਈ ਕੀਤੀ ਸੀ। ਆਲਮਗੀਰ ਆਲਮ ਕਮਿਸ਼ਨ ਦੀ ਰਕਮ ਲੈਂਦਾ ਸੀ, ਸੰਜੀਵ ਰੱਖਦਾ ਸੀ। ਮੰਤਰੀ ਆਲਮਗੀਰ ਆਲਮ ਦੇ ਪੀ.ਏ ਨੌਕਰ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਣ ਤੋਂ ਬਾਅਦ ਈ.ਡੀ ਨੇ ਆਲਮਗੀਰ ਆਲਮ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਕਰੀਬ 10 ਘੰਟੇ ਤੱਕ ਪੁੱਛਗਿੱਛ ਚੱਲੀ, ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਈ.ਡੀ ਨੇ ਆਲਮਗੀਰ ਆਲਮ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਸੀ, ਜਿਸ ਤੋਂ ਬਾਅਦ ਦੇਰ ਸ਼ਾਮ ਈ.ਡੀ ਨੇ ਮੰਤਰੀ ਆਲਮਗੀਰ ਆਲਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੇ ਦੂਜੇ ਦਿਨ ਉਸ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਗਈ।