November 5, 2024

400-500 ਕਰੋੜ ਰੁਪਏ ਦੀ ਜਾਅਲੀ ਬਿਲਿੰਗ ਦੇ ਵੱਡੇ ਗਠਜੋੜ ਦਾ ਹੋਇਆ ਪਰਦਾਫਾਸ਼

ਲੁਧਿਆਣਾ : ਸੂਬੇ ਦੇ ਜੀ.ਐੱਸ.ਟੀ ਵਿਭਾਗ ਦੇ ਮੋਬਾਈਲ ਵਿੰਗ ਨੇ ਕਾਰਵਾਈ ਕਰਦੇ ਹੋਏ ਕਰੀਬ 400-500 ਕਰੋੜ ਰੁਪਏ ਦੀ ਜਾਅਲੀ ਬਿਲਿੰਗ ਦੇ ਵੱਡੇ ਗਠਜੋੜ ਦਾ ਪਰਦਾਫਾਸ਼ ਕੀਤਾ ਹੈ। ਡਾਇਰੈਕਟਰ ਇਨਫੋਰਸਮੈਂਟ ਜਸਕਰਨ ਬਰਾੜ ਦੀਆਂ ਹਦਾਇਤਾਂ ’ਤੇ ਇਹ ਕਾਰਵਾਈ ਸਟੇਟ ਟੈਕਸ ਅਫ਼ਸਰ ਰਾਹੁਲ ਬਾਂਸਲ ਵੱਲੋਂ ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਜਲੰਧਰ ਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਕੀਤੀ ਗਈ।

ਦੱਸ ਦਈਏ ਕਿ ਉਕਤ ਮਾਮਲੇ ਦੀ ਜਾਂਚ ‘ਚ ਅਧਿਕਾਰੀਆਂ ਦੀ ਟੀਮ ਕਾਫੀ ਸਮੇਂ ਤੋਂ ਲੱਗੀ ਹੋਈ ਸੀ। ਸੂਚਨਾ ਦੇ ਆਧਾਰ ‘ਤੇ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ। ਜਿਸ ਤੋਂ ਬਾਅਦ ਅਧਿਕਾਰੀਆਂ ਦੀ ਟੀਮ ਨੇ ਲੁਧਿਆਣਾ ਦੇ ਨਿਰੰਕਾਰੀ ਮੁਹੱਲੇ ਦੇ ਇੱਕ ਘਰ ਦੀ ਜਾਂਚ ਕੀਤੀ। ਜਿੱਥੋਂ ਅਧਿਕਾਰੀਆਂ ਨੂੰ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗੀ ਅਧਿਕਾਰੀਆਂ ਤੋਂ ਮਿਲੀ।  ਜਾਣਕਾਰੀ ਅਨੁਸਾਰ ਕੁਝ ਲੇਖਾਕਾਰ ਅਤੇ ਪ੍ਰਾਈਵੇਟ ਵਿਅਕਤੀ ਮਿਲ ਕੇ ਮਜ਼ਦੂਰ ਵਰਗ ਅਤੇ ਬੇਰੁਜ਼ਗਾਰ ਵਿਅਕਤੀਆਂ ਨੂੰ ਮਹੀਨਾਵਾਰ ਪੈਸਿਆਂ ਦਾ ਲਾਲਚ ਦੇ ਕੇ ਜਾਂ ਝੂਠ ਬੋਲ ਕੇ ਅਜਿਹੇ ਵਿਅਕਤੀਆਂ ਦੇ ਕਾਗ਼ਜ਼ਾਤ ਹਾਸਿਲ ਕਰ ਲੈਂਦੇ ਸਨ ਅਤੇ ਉਨ੍ਹਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਉਹ ਫਰਜ਼ੀ ਫਰਮਾਂ ਦਾ ਨੈੱਟਵਰਕ ਬਣਾ ਲੈਂਦੇ ਸਨ, ਇਸ ਦੇ ਨਾਲ ਹੀ ਬੈਂਕ ਖਾਤੇ ਖੋਲ ਕੇ ਕਾਫੀ ਫਰਜ਼ੀ ਬਿਲਿੰਗ ਕਰਦੇ ਸਨ ਅਤੇ ਪੈਸੇ ਦੀ ਬਚਤ ਕਰਦੇ ਸਨ।

ਕਾਰਵਾਈ ਦੌਰਾਨ ਅਧਿਕਾਰੀਆਂ ਨੇ ਮੌਕੇ ਤੋਂ ਬੈਂਕ ਚੈੱਕ, ਸਟੈਂਪ, ਕਈ ਬਿੱਲ ਅਤੇ ਕਰੀਬ 33 ਫਰਜ਼ੀ ਫਰਮਾਂ ਦੇ ਵੇਰਵੇ ਬਰਾਮਦ ਕੀਤੇ। ਟੀਮਾਂ ਨੇ ਜਦੋਂ 33 ਫਰਮਾਂ ਦੇ ਪਤਿਆਂ ਦਾ ਦੌਰਾ ਕੀਤਾ ਤਾਂ ਪਤੇ ਗਲਤ ਪਾਏ ਗਏ। ਜਿਸ ਤੋਂ ਬਾਅਦ ਜੀ.ਐਸ.ਟੀ ਅਧਿਕਾਰੀਆਂ ਨੇ ਉਕਤ ਮਾਮਲੇ ਦੇ ਪਿੱਛੇ ਲੱਗੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਵਿਭਾਗ ਨਾਲ ਮਿਲ ਕੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸਦੇ ਖ਼ਿਲਾਫ਼ ਧਾਰਾ 420,467,468,471,120ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਵਾਸੀ ਆਸ਼ਿਆਨਾ ਪਾਰਕ ਮੁੰਡੀਆਂ, ਵਿਜੇ ਕਪੂਰ ਵਾਸੀ ਹਰਪਾਲ ਨਗਰ, ਮਨਦੀਪ ਕੁਮਾਰ ਵਾਸੀ ਗੁਰੂ ਨਾਨਕ ਕਲੋਨੀ ਮੰਡੀ ਗੋਬਿੰਦਗੜ੍ਹ ਅਤੇ ਹਰਵਿੰਦਰ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਉਕਤ ਫਰਮਾਂ ਨਾਲ ਲੈਣ-ਦੇਣ ਕਰਨ ਵਾਲੇ ਜਾਂ ਇਨ੍ਹਾਂ ਫਰਮਾਂ ਤੋਂ ਜਾਅਲੀ ਬਿੱਲ ਖਰੀਦਣ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਬੋਗਸ (ਇਨਪੁਟ ਟੈਕਸ ਕ੍ਰੈਡਿਟ) ਆਈ.ਟੀ.ਸੀ. ਨੂੰ ਬਲਾਕ ਕੀਤਾ ਜਾਵੇਗਾ, ਜਿਸ ਨਾਲ ਸਰਕਾਰ ਦਾ ਮਾਲੀਆ ਚੋਰੀ ਹੋਣ ਤੋਂ ਬਚ ਜਾਵੇਗਾ।

By admin

Related Post

Leave a Reply