ਕੋਟ ਫਤੂਹੀ : ਇੱਥੋਂ ਨੇੜਲੇ ਪਿੰਡ ਝੱਜ (Jhaj) ਤੋਂ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਇੱਕ ਕਰੀਬ 27 ਸਾਲ ਦੇ ਨੌਜਵਾਨ ਦੀ ਅਚਾਨਕ ਕੋਈ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਝੱਜ ਆਪਣੇ ਘਰ ਤੋਂ ਬਿਨਾਂ ਦੱਸੇ ਖੇਤਾਂ ਨੂੰ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਉਸ ਦੀ ਭਾਲ ਕਰਦੇ ਹੋਏ ਜਦੋਂ ਉਸ ਦਾ ਪਰਿਵਾਰ ਖੇਤਾਂ ਵਿਚ ਖੜ੍ਹੀ ਮੋਟਰ ਕੋਲ ਪਹੁੰਚਿਆ ਤਾਂ ਉਹ ਪਾਣੀ ਨਾਲ ਭਰੀ ਖਾਲ ‘ਤੇ ਪਿਆ ਹੋਇਆ ਸੀ ਅਤੇ ਉਸ ਦੇ ਮੂੰਹ, ਨੱਕ ਅਤੇ ਕੰਨਾਂ ਵਿਚੋਂ ਖੂਨ ਨਿਕਲ ਰਿਹਾ ਸੀ।
ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਥਾਣਾ ਕੋਟ ਫਤੂਹੀ ਦੇ ਏ.ਐਸ.ਆਈ. ਰਵੀਸ਼ ਕੁਮਾਰ ਅਤੇ ਹੈੱਡ ਕਾਂਸਟੇਬਲ ਅਮਰਜੀਤ ਨੇ ਘਟਨਾ ਦਾ ਜਾਇਜ਼ਾ ਲਿਆ। ਉਸ ਦੇ ਚਾਚਾ ਚਰਨਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮਨਜਿੰਦਰ ਸਿੰਘ ਨਿਰਾਸ਼ ਅਤੇ ਸ਼ਰਾਬ ਪੀਣ ਦਾ ਆਦੀ ਸੀ। ਦੇਰ ਰਾਤ ਦੇ ਹਨੇਰੇ ‘ਚ ਉਸ ਨੇ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਚਾਚਾ ਚਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।