ਜਲਾਲਾਬਾਦ: ਪੰਜਾਬ ਪੁਲਿਸ ਅਤੇ ਬੀ.ਐਸ.ਐਫ (Punjab Police and BSF) ਨੇ ਸਾਂਝਾ ਆਪ੍ਰੇਸ਼ਨ ਕਰਕੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਉਪ ਕਪਤਾਨ ਅੱਛਰੂ ਰਾਮ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਬੀ.ਐਸ.ਐਫ ਦੇ ਸਹਾਇਕ ਕਮਾਂਡੈਂਟ ਸ਼ੋਭੀ ਚੰਦ ਯਾਦਵ, ਸਬ ਇੰਸਪੈਕਟਰ ਰਾਹੁਲ ਯਾਦਵ, ਸਹਾਇਕ ਸਬ ਇੰਸਪੈਕਟਰ ਜਤਿੰਦਰੀ ਸੰਘ ਯਾਦਵ ਸਮੇਤ ਪੁਲਿਸ ਪਾਰਟੀ ਨੇ ਸੈਕਿੰਡ ਡਿਫੈਂਸ ਲਾਈਨ ਪੁਲ ਨਹਿਰ ਢਾਣੀ ਨੱਥਾ ਸਿੰਘ ਵਾਲਾ ਕੋਲ ਨਾਕਾਬੰਦੀ ਕੀਤੀ ਹੋਈ ਸੀ ।

ਇਸ ਦੌਰਾਨ ਜਦੋਂ ਉਨ੍ਹਾਂ ਨੇ ਸਰਹੱਦ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ। ਜਦੋਂ ਮੁਲਜ਼ਮਾਂ ਦੀ ਮੌਕੇ ’ਤੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 2.5 ਕਰੋੜ ਰੁਪਏ ਹੈ। ਪੁਲਿਸ ਉਪ ਕਪਤਾਨ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਨੂੰ ਸਿੰਘ ਸੋਨੀ ਪੁੱਤਰ ਜੀਤ ਸਿੰਘ ਅਤੇ ਅੰਗਰੇਜ਼ ਸਿੰਘ ਗੱਗੀ ਪੁੱਤਰ ਜੁਗਿੰਦਰ ਸਿੰਘ ਦੋਵੇਂ ਵਾਸੀ ਪਿੰਡ ਨੂਰਸ਼ਾਹ, ਸ਼ਾਹ ਉਤਾੜ ਫਾਜ਼ਿਲਕਾ ਅਤੇ ਗੁਰਬੰਤ ਸਿੰਘ ਬੰਤ ਵਾਸੀ ਪਿੰਡ ਢੰਡੀ ਖੁਰਦ ਵਜੋਂ ਹੋਈ ਹੈ।

ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾ ਰਿਹਾ ਹੈ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਕੀਤੇ ਜਾ ਸਕਣ, ਜਦੋਂਕਿ ਕਾਬੂ ਕੀਤੇ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਹ ਵਟਸਐਪ ਕਾਲਾਂ ਰਾਹੀਂ ਪਾਕਿਸਤਾਨ ਦੇ ਤਸਕਰ ਦੇ ਸੰਪਰਕ ਵਿੱਚ ਸਨ । ਉਹ ਵਟਸਐਪ ਕਾਲ ਕਰ ਕੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਉਂਦਾ ਸੀ। ਫਾਜ਼ਿਲਕਾ ਵਿੱਚ ਬੈਠਾ ਉਸਦਾ ਇੱਕ ਦੋਸਤ ਇੱਕ ਕਿੱਲੋ ਹੈਰੋਇਨ ਦੀ ਖੇਪ ਦੇ ਬਦਲੇ ਡੇਢ ਲੱਖ ਰੁਪਏ ਵਿੱਚ ਸੌਦਾ ਕਰਦਾ ਸੀ।

Leave a Reply