ਮੋਹਾਲੀ : ਬੀਤੀ ਦੇਰ ਰਾਤ ਸੈਕਟਰ 78-79 ਦੇ ਲਾਈਟ ਪੁਆਇੰਟ ‘ਤੇ 2 ਐਕਸ.ਯੂ.ਵੀ. ਗੱਡੀਆਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਇਨੋਵਾ ਚਾਲਕ ਜੰਮੂ ਕਸ਼ਮੀਰ ਵਾਸੀ ਕਾਰ ਡੀਲਰ ਮੁਹੰਮਦ ਅਸਲਮ ਮੀਰ (40)  ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸਕਾਰਪੀਓ ‘ਚ ਸਵਾਰ ਚੰਡੀਗੜ੍ਹ ਸੈਕਟਰ-10 ਸਥਿਤ ਡੀ.ਏ.ਵੀ ਕਾਲਜ ਦੇ ਵਿਦਿਆਰਥੀ ਆਰੀਆ ਸ਼ਰਮਾ (21) ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਸਕਾਰਪੀਓ ਚਾਲਕ ਅਰਜੁਨ ਅਤੇ ਉਸ ਦੇ ਦੋ ਹੋਰ ਸਾਥੀ ਵੀ ਜ਼ਖ਼ਮੀ ਹੋ ਗਏ ਹਨ। ਸੋਹਾਣਾ ਪੁਲਿਸ ਥਾਣਾ ਨੇ ਜਾਂਚ ਦੇ ਆਧਾਰ ’ਤੇ ਸਕਾਰਪੀਓ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਪੁਲਿਸ ਜਾਂਚ ਦੌਰਾਨ ਬਿਆਨ ਦਿੰਦੇ ਹੋਏ ਮ੍ਰਿਤਕ ਦੇ ਸਾਥੀ ਅਸ਼ਰਫ ਦੇ ਡਰਾਈਵਰ ਨੇ ਦੱਸਿਆ ਕਿ ਉਸ ਦੀ ਕਾਰ ਮੁਹੰਮਦ ਅਸਲਮ ਦੀ ਇਨੋਵਾ ਦੇ ਪਿੱਛੇ ਸੀ।

ਉਸ ਨੇ ਦੱਸਿਆ ਕਿ ਸਕਾਰਪੀਓ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਜਿਵੇਂ ਹੀ ਸਕਾਰਪੀਓ ਨੇ ਇਨੋਵਾ ਨੂੰ ਟੱਕਰ ਮਾਰੀ ਤਾਂ ਇਨੋਵਾ ਕਰੀਬ 50 ਫੁੱਟ ਤੱਕ ਉਛਲ ਕੇ ਸੜਕ ‘ਤੇ ਜਾ ਡਿੱਗੀ ਅਤੇ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਰਾਜਕੁਮਾਰ ਅਨੁਸਾਰ ਚੰਡੀਗੜ੍ਹ ਦੇ ਰਹਿਣ ਵਾਲੇ ਅਰਜੁਨ ਅਤੇ ਆਰੀਆ ਸ਼ਰਮਾ ਜੋ ਚੰਡੀਗੜ੍ਹ ਸੈਕਟਰ-10 ਸਥਿਤ ਡੀ.ਏ.ਵੀ. ਕਾਲਜ ਤੋਂ ਗ੍ਰੈਜੂਏਟ ਹੋ ਰਿਹਾ ਹੈ। ਹਾਦਸੇ ਦੇ ਸਮੇਂ ਉਹ ਲਾਂਡਰਾਂ ਦੇ ਇੱਕ ਢਾਬੇ ‘ਤੇ ਰਾਤ ਦਾ ਖਾਣਾ ਖਾ ਕੇ ਘਰ ਪਰਤ ਰਹੇ ਸਨ। ਉਸ ਦੀ ਕਾਰ ਦੀ ਰਫ਼ਤਾਰ ਤੇਜ਼ ਸੀ। ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਇਨੋਵਾ ਕਾਰ ਚਾਲਕ ਲਾਈਟ ਪੁਆਇੰਟ ‘ਤੇ ਦੂਜੇ ਪਾਸਿਓਂ ਆ ਰਿਹਾ ਸੀ।

ਜਿਵੇਂ ਹੀ ਦੋਵੇਂ ਸੈਕਟਰ 78-79 ਦੇ ਲਾਈਟ ਪੁਆਇੰਟ ’ਤੇ ਪੁੱਜੇ ਤਾਂ ਦੋਵਾਂ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ।ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।ਹਾਦਸੇ ‘ਚ ਜ਼ਖਮੀ ਹੋਏ ਤਿੰਨੋਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਪਹੁੰਚ ਕੇ ਡਾਕਟਰ ਨੇ ਇਨੋਵਾ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਸਕਾਰਪੀਓ ‘ਚ ਬੈਠੇ ਆਰੀਆ ਸ਼ਰਮਾ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਵਿੱਚ ਸਕਾਰਪੀਓ ਚਾਲਕ ਅਰਜੁਨ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੋਹਾਣਾ ਪੁਲਿਸ ਨੇ ਜਾਂਚ ਕਰਨ ‘ਤੇ ਪਾਇਆ ਕਿ ਅਰਜੁਨ ਦੀ ਕਾਰ ਦੀ ਰਫਤਾਰ ਜ਼ਿਆਦਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

Leave a Reply