10 ਸਤੰਬਰ ਨੂੰ ਦਿੱਲੀ ਕੌਮੀ ਮਾਰਗ ਨੂੰ ਮੁਕੰਮਲ ਤੌਰ ’ਤੇ ਕੀਤਾ ਜਾਵੇਗਾ ਜਾਮ
By admin / September 3, 2024 / No Comments / Punjabi News
ਸਮਰਾਲਾ : ਪੰਜਾਬ ਵਿੱਚ ਗਰੀਨ ਪ੍ਰਾਜੈਕਟ (Green Project) ਦੇ ਨਾਂ ’ਤੇ ਸੂਬੇ ਭਰ ਵਿੱਚ ਬਣਾਏ ਜਾ ਰਹੇ ਬਾਇਓ ਗੈਸ ਪਲਾਂਟਾਂ ਨੂੰ ਰੋਕਣ ਲਈ ਇੱਕਜੁੱਟ ਹੋ ਕੇ ਵੱਖ-ਵੱਖ ਪਿੰਡਾਂ ਦੀਆਂ ਸੰਘਰਸ਼ ਕਮੇਟੀਆਂ ਨੇ 10 ਸਤੰਬਰ ਨੂੰ ਦਿੱਲੀ ਕੌਮੀ ਮਾਰਗ ਨੂੰ ਮੁਕੰਮਲ ਤੌਰ ’ਤੇ ਜਾਮ ਕਰਨ ਦਾ ਐਲਾਨ ਕੀਤਾ ਹੈ।
ਵਰਨਣਯੋਗ ਹੈ ਕਿ ਲੁਧਿਆਣਾ ਅਤੇ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ 45 ਦੇ ਕਰੀਬ ਅਜਿਹੇ ਬਾਇਓ ਗੈਸ ਪਲਾਂਟ ਲੱਗਣੇ ਹਨ ਅਤੇ ਹਰ ਥਾਂ ਇਨ੍ਹਾਂ ਪਲਾਂਟਾਂ ਦਾ ਪਿੰਡ ਵਾਸੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਮੁਸ਼ਕਾਬਾਦ ਵਿੱਚ ਬਣ ਰਹੇ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਫੈਕਟਰੀ ਦੇ ਬਾਹਰ ਧਰਨੇ ’ਤੇ ਬੈਠੇ ਸੰਘਰਸ਼ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਜ਼ਹਿਰੀਲੀ ਗੈਸ ਫੈਕਟਰੀ ਤੋਂ ਤੰਗ ਆ ਚੁੱਕੇ ਹਨ।
ਸੰਘਰਸ਼ ਕਮੇਟੀ ਦੇ ਆਗੂਆਂ ਮਲਵਿੰਦਰ ਸਿੰਘ ਲਵਲੀ, ਨਿਰਮਲ ਸਿੰਘ, ਰੂਪ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਹਰਮੇਲ ਸਿੰਘ ਅਤੇ ਕੁਲਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਪਿੰਡ ਮੁਸ਼ਕਾਬਾਦ ਵਿੱਚ ਬਣ ਰਹੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਉਹ ਪਿਛਲੇ ਦੋ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਮੁਸ਼ਕਾਬਾਦ ਦੇ ਸਰਪੰਚ ਮਲਵਿੰਦਰ ਸਿੰਘ ਲਵਲੀ ਨੇ ਸਪੱਸ਼ਟ ਕੀਤਾ ਹੈ ਕਿ ਜਾਮ ਵਾਲੇ ਦਿਨ ਮੁਸ਼ਕਾਬਾਦ, ਖੀਰਨੀਆਂ, ਟਪਾਰੀਆ ਅਤੇ ਗਹਿਲੇਵਾਲ ਅਤੇ ਕਰੀਬ 10-12 ਹੋਰ ਪਿੰਡਾਂ ਦੇ ਸੈਂਕੜੇ ਲੋਕ ਟਰੈਕਟਰ ਟਰਾਲੀਆਂ ਨਾਲ ਇਸ ਕੌਮੀ ਮਾਰਗ ’ਤੇ ਜਾਮ ਵਿੱਚ ਸ਼ਾਮਲ ਹੋਣਗੇ।