ਰਾਂਚੀ: ਝਾਰਖੰਡ ਦੇ 13ਵੇਂ ਮੁੱਖ ਮੰਤਰੀ ਵਜੋਂ ਸੱਤਾ ਸੰਭਾਲਣ ਵਾਲੇ ਹੇਮੰਤ ਸੋਰੇਨ (Hemant Soren) ਨੇ ਅੱਜ ਯਾਨੀ 8 ਜੁਲਾਈ ਨੂੰ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ ਹੈ। ਬਹੁਮਤ ਸਾਬਤ ਕਰਨ ਤੋਂ ਬਾਅਦ ਸੋਰੇਨ ਅੱਜ ਹੀ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਪ੍ਰਸਤਾਵ ਦੇ ਪੱਖ ‘ਚ 45 ਵੋਟਾਂ ਪਈਆਂ ਹਨ ਜਦਕਿ ਪ੍ਰਸਤਾਵ ਦੇ ਖ਼ਿਲਾਫ਼ ਜ਼ੀਰੋ ਵੋਟਾਂ ਪਈਆਂ ਹਨ। ਵਿਰੋਧੀ ਧਿਰ ਵੋਟਿੰਗ ਤੋਂ ਦੂਰ ਰਹੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਧਾਨ ਸਭਾ ‘ਚ ਭਰੋਸੇ ਦਾ ਮਤਾ ਪਾਸ ਕੀਤਾ ਜਾ ਰਿਹਾ ਸੀ ਤਾਂ ਬੋਰੀ ਦੇ ਵਿਧਾਇਕ ਲੋਬਿਨ ਹੇਮਬਰਮ ਅਤੇ ਚਮਰਾ ਲਿੰਡਾ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਸਨ। ਬਹੁਮਤ ਲਈ ਘੱਟੋ-ਘੱਟ 39 ਵੋਟਾਂ ਦੀ ਲੋੜ ਸੀ ਪਰ ਹੇਮੰਤ ਸਰਕਾਰ ਨੂੰ 45 ਵੋਟਾਂ ਮਿਲੀਆਂ।
ਇਸ ਦੇ ਨਾਲ ਹੀ ਅੱਜ ਸ਼ਾਮ ਨੂੰ ਹੀ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਦੱਸ ਦਈਏ ਕਿ ਟੈਂਡਰ ਕਮਿਸ਼ਨ ਘੁਟਾਲੇ ‘ਚ ਆਲਮਗੀਰ ਆਲਮ ਦੀ ਗ੍ਰਿਫਤਾਰੀ ਅਤੇ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਕੋਟੇ ਦੇ ਸਿਰਫ 3 ਮੰਤਰੀ ਹੀ ਰਹਿ ਗਏ ਸਨ। ਆਲਮਗੀਰ ਆਲਮ ਦੀ ਥਾਂ ਨਵਾਂ ਮੰਤਰੀ ਬਣਾਇਆ ਜਾਣਾ ਸੀ। ਹੁਣ ਇਰਫਾਨ ਅੰਸਾਰੀ ਘੱਟ ਗਿਣਤੀ ਭਾਈਚਾਰੇ ਦੇ ਇਕਲੌਤੇ ਵਿਧਾਇਕ ਹਨ, ਇਸ ਲਈ ਉਨ੍ਹਾਂ ਦਾ ਮੰਤਰੀ ਬਣਨਾ ਤੈਅ ਹੈ।
ਇਸ ਤੋਂ ਇਲਾਵਾ ਕੁਝ ਨਵੇਂ ਚਿਹਰੇ ਵੀ ਨਜ਼ਰ ਆ ਸਕਦੇ ਹਨ। ਨਵੇਂ ਮੰਤਰੀ ਕੱਲ੍ਹ ਹੀ ਰਾਜ ਭਵਨ ਵਿੱਚ ਸਹੁੰ ਚੁੱਕਣਗੇ। ਰਾਜਪਾਲ ਸੀ.ਪੀ ਰਾਧਾਕ੍ਰਿਸ਼ਨਨ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਜੇ.ਐਮ.ਐਮ. ਕੋਟੇ ਤੋਂ ਮੰਤਰੀ ਮੰਡਲ ਵਿੱਚ ਮਿਥਿਲੇਸ਼ ਠਾਕੁਰ, ਹਾਫਿਜੁਲ ਅੰਸਾਰੀ, ਬੇਬੀ ਦੇਵੀ, ਬਸੰਤ ਸੋਰੇਨ ਅਤੇ ਦੀਪਕ ਬਰੂਆ ਦਾ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਜੇ.ਐਮ.ਐਮ. ਦੇ ਬੈਦਿਆਨਾਥ ਰਾਮ ਨੂੰ 12ਵੇਂ ਮੰਤਰੀ ਵਜੋਂ ਕੈਬਨਿਟ ਵਿੱਚ ਜਗ੍ਹਾ ਮਿਲ ਸਕਦੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਕੋਟੇ ਤੋਂ ਸੱਤਿਆਨੰਦ ਭੋਕਤਾ ਦੀ ਕੈਬਨਿਟ ‘ਚ ਜਗ੍ਹਾ ਪੱਕੀ ਹੈ।