ਹਲਦਵਾਨੀ ਹਿੰਸਾ ਮਾਮਲੇ ‘ਚ ਆਇਆ ਵੱਡਾ ਅਪਡੇਟ
By admin / February 14, 2024 / No Comments / Punjabi News
ਨੈਨੀਤਾਲ: ਉੱਤਰਾਖੰਡ ਦੇ ਹਲਦਵਾਨੀ ਹਿੰਸਾ ਮਾਮਲੇ (Haldwani violence case) ‘ਚ ਵੱਡਾ ਅਪਡੇਟ ਆਇਆ ਹੈ। ਹਲਦਵਾਨੀ ਦੇ ਬਨਭੁਲਪੁਰਾ ਇਲਾਕੇ ‘ਚ ਮਸਜਿਦ ‘ਤੇ ਬੁਲਡੋਜ਼ਰ ਦੀ ਕਾਰਵਾਈ ਤੋਂ ਬਾਅਦ ਹਿੰਸਾ ਫੈਲਾਉਣ ਵਾਲੇ ਦੰਗਾਕਾਰੀਆਂ ਦੀ ਹੁਣ ਖੈਰ ਨਹੀਂ ਹੈੈ ਕਿਉਂਕਿ ਅਦਾਲਤ ਨੇ ਇਸ ‘ਤੇ ਵੱਡਾ ਹੁਕਮ ਦਿੱਤਾ ਹੈ। ਸਿਵਲ ਕੋਰਟ ਨੇ ਅੱਜ ਹਲਦਵਾਨੀ ਦੇ ਬਨਭੁਲਪੁਰਾ ਵਿੱਚ 8 ਫਰਵਰੀ ਨੂੰ ਹੋਈ ਹਿੰਸਾ ਦੇ ਮਾਸਟਰਮਾਈਂਡ ਅਬਦੁਲ ਮਲਿਕ ਅਤੇ ਉਸ ਦੇ ਪੁੱਤਰ ਸਮੇਤ ਨੌਂ ਬਦਮਾਸ਼ਾਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦੇਈਏ ਕਿ ਹਲਦਵਾਨੀ ਪ੍ਰਸ਼ਾਸਨ ਨੇ ਸੱਤ ਦਿਨਾਂ ਬਾਅਦ ਅੱਜ ਯਾਨੀ ਵੀਰਵਾਰ ਨੂੰ ਬਨਭੁਲਪੁਰਾ ਸ਼ਹਿਰ ਵਿੱਚ ਕਰਫਿਊ ਵਿੱਚ ਕੁਝ ਘੰਟਿਆਂ ਲਈ ਢਿੱਲ ਦੇਣ ਦਾ ਐਲਾਨ ਕੀਤਾ ਹੈ।
ਹਲਦਵਾਨੀ ਹਿੰਸਾ ‘ਤੇ ਸਿਵਲ ਕੋਰਟ ਨੇ ਪੁਲਿਸ ਨੂੰ ਸਾਰੇ ਦੋਸ਼ੀਆਂ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 82, 83 ਦੇ ਤਹਿਤ ਕਾਰਵਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 13 ਫਰਵਰੀ ਨੂੰ ਸਿਵਲ ਅਦਾਲਤ ਨੇ ਸਾਰੇ 9 ਦੋਸ਼ੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਦੱਸ ਦੇਈਏ ਕਿ 8 ਫਰਵਰੀ ਨੂੰ ਬਨਭੁਲਪੁਰਾ ਇਲਾਕੇ ‘ਚ ਇਕ ਗੈਰ-ਕਾਨੂੰਨੀ ਮਸਜਿਦ ਅਤੇ ਮਦਰੱਸੇ ‘ਤੇ ਬੁਲਡੋਜ਼ਰ ਦੀ ਕਾਰਵਾਈ ਤੋਂ ਬਾਅਦ ਹਿੰਸਾ ਭੜਕ ਗਈ ਸੀ।
ਪੁਲਿਸ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ
ਤੁਹਾਨੂੰ ਦੱਸ ਦੇਈਏ ਕਿ ਉੱਤਰਾਖੰਡ ਦੇ ਹਲਦਵਾਨੀ ਹਿੰਸਾ ਦੇ ਮੁੱਖ ਦੋਸ਼ੀ ਅਬਦੁਲ ਮਲਿਕ ਦੇ ਖ਼ਿਲਾਫ਼ ਬੀਤੇ ਦਿਨ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਦੋਸ਼ੀ ਮਲਿਕ ਨੇ ਬਨਭੁਲਪੁਰਾ ਵਿੱਚ ਇੱਕ ਮਦਰੱਸਾ ਬਣਾਇਆ ਸੀ ਅਤੇ ਉਸ ਨੇ ਉਸ ਨੂੰ ਢਾਹੁਣ ਦਾ ਵਿਰੋਧ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਵਾਰੰਟ ਪੁਲਿਸ ਨੂੰ ਉਸਦੇ ਘਰ ਦੀ ਤਲਾਸ਼ੀ ਲੈਣ ਅਤੇ ਉਸਨੂੰ ਗ੍ਰਿਫਤਾਰ ਕਰਨ ਲਈ ਹੋਰ ਜ਼ਰੂਰੀ ਕਦਮ ਚੁੱਕਣ ਦੀ ਇਜਾਜ਼ਤ ਦੇਵੇਗਾ। ਪੁਲਿਸ ਨੇ ਉਸ ਦੀ ਜਾਇਦਾਦ ਜਬਤ ਕਰਨ ਲਈ ਅਦਾਲਤ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ।
ਹਾਈ ਕੋਰਟ ਵਿੱਚ ਵੀ ਹੋਈ ਸੁਣਵਾਈ
ਇਸ ਦੌਰਾਨ, ਉੱਤਰਾਖੰਡ ਹਾਈ ਕੋਰਟ ਨੇ ਬੀਤੇ ਦਿਨ ਮਲਿਕ ਦੀ ਪਤਨੀ ਸਫੀਆ ਦੁਆਰਾ ਢਾਹੁਣ ਦੀ ਪ੍ਰਕਿਰਿਆ ‘ਤੇ ਰੋਕ ਲਗਾਉਣ ਦੀ ਬੇਨਤੀ ਕਰਨ ਵਾਲੀ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕੀਤੀ ਸੀ। ਸ਼ਹਿਰ ਦੇ ਬਨਭੁਲਪੁਰਾ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ, ਜਿੱਥੇ 8 ਫਰਵਰੀ ਤੋਂ ਕਰਫਿਊ ਲਗਾਇਆ ਗਿਆ ਸੀ। ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਸਨ। ਸੀਨੀਅਰ ਵਕੀਲ ਸਲਮਾਨ ਖੁਰਸ਼ੀਦ ਨੇ ਉੱਤਰਾਖੰਡ ਹਾਈ ਕੋਰਟ ਵਿੱਚ ਬਨਭੁਲਪੁਰਾ ਦੇ ਇੱਕ ਵਸਨੀਕ ਦਾ ਪੱਖ ਰੱਖਦੇ ਹੋਏ ਬੀਤੇ ਦਿਨ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਇਲਾਕੇ ਵਿੱਚੋਂ ਕਬਜ਼ੇ ਹਟਾਉਣ ਤੋਂ ਪਹਿਲਾਂ ਅਦਾਲਤ ਵਿੱਚ ਜਵਾਬ ਦਾਖ਼ਲ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਸੀ।
ਹਿੰਸਾ ‘ਚ 6 ਲੋਕਾਂ ਦੀ ਹੋਈ ਸੀ ਮੌਤ
ਦੱਸ ਦੇਈਏ ਕਿ ਹਲਦਵਾਨੀ ਦੇ ਬਨਭੁਲਪੁਰਾ ‘ਚ ਨਗਰ ਨਿਗਮ ਵਲੋਂ ਗੈਰ-ਕਾਨੂੰਨੀ ਮਸਜਿਦ ਅਤੇ ਮਦਰੱਸਾ ਢਾਹੇ ਜਾਣ ਕਾਰਨ 8 ਫਰਵਰੀ ਨੂੰ ਇਲਾਕੇ ‘ਚ ਹਿੰਸਾ ਭੜਕ ਗਈ ਸੀ। ਇਸ ਹਿੰਸਾ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੁਲਿਸ ਅਤੇ ਪੱਤਰਕਾਰਾਂ ਸਮੇਤ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਕੁਮਾਉਂ ਦੇ ਕਮਿਸ਼ਨਰ ਦੀਪਕ ਰਾਵਤ ਨੇ 8 ਫਰਵਰੀ ਨੂੰ ਸ਼ਹਿਰ ਵਿੱਚ ਹੋਈ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਕੀਤੀ ਸੀ। ਉਸ ਨੂੰ 10 ਫਰਵਰੀ ਨੂੰ ਜਾਂਚ ਦਾ ਕੰਮ ਸੌਂਪਿਆ ਗਿਆ ਸੀ ਅਤੇ 15 ਦਿਨਾਂ ਦੇ ਅੰਦਰ ਸਰਕਾਰ ਨੂੰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਸੀ।